ਐਸ.ਸੀ./ਬੀ.ਸੀ. ਤੇ ਘੱਟ ਗਿਣਤੀ ਉਮੀਦਵਾਰਾਂ ਤੋਂ ਪੀ.ਸੀ.ਐਸ. ਪ੍ਰੀਖਿਆ-2018 ਦੀ ਮੁਫ਼ਤ ਕੋਚਿੰਗ ਲਈ ਬਿਨੈ-ਪੱਤਰਾਂ ਦੀ ਮੰਗ

ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਭਲਾਈ ਵਿਭਾਗ ਨੇ ਪੰਜਾਬ ਸਿਵਲ ਸਰਵਸਿਜ਼ ਪ੍ਰੀਖਿਆ-2018 ਦੀ ਪ੍ਰੀਖਿਆ ਦੇਣ ਦੇ ਚਾਹਵਾਨ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਤੋਂ ਮੁਫ਼ਤ ਕੋਚਿੰਗ ਹਾਸਲ ਕਰਨ ਹਿੱਤ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ।
ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ, ਭਲਾਈ ਵਿਭਾਗ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼, ਫੇਸ-3-ਬੀ-2, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਪੰਜਾਬ ਸਿਵਲ ਸਰਵਿਸਿਜ਼ (ਪ੍ਰੀ) ਪ੍ਰੀਖਿਆ-2018 ਦੇ ਮੁਫ਼ਤ ਕੋਚਿੰਗ ਕੋਰਸ ਲਈ ਬਿਨੈ-ਪੱਤਰਾਂ ਮੰਗੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸਮੁਦਾਇ (ਮੁਸਲਿਮ, ਸਿੱਖ, ਈਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ ਉਮੀਦਵਾਰਾਂ, ਜਿਨ੍ਹਾਂ ਨੇ ਗਰੈਜੂਏਸ਼ਨ ਕੀਤੀ ਹੋਵੇ, ਮੁਫ਼ਤ ਕੋਚਿੰਗ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੇ ਮਾਪਿਆਂ ਦੀ ਸਾਰੇ ਸਰੋਤਾਂ ਤੋਂ ਆਮਦਨ 3 ਲੱਖ ਰੁਪਏ ਪ੍ਰਤੀ ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਕੋਚਿੰਗ ਲਈ ਦੂਰ-ਦੁਰਾਡੇ ਦੇ ਉਮੀਦਵਾਰਾਂ ਲਈ ਹੋਸਟਲ ਵਿਖੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਬੁਲਾਰੇ ਅਨੁਸਾਰ ਉਮੀਦਵਾਰ ਦੀ ਚੋਣ ਮੈਂਟਲ ਐਬਲਿਟੀ, ਜਨਰਲ ਅਵੇਅਰਨੈਸ (ਹਿਸਟਰੀ, ਜਿਓਗ੍ਰਾਫੀ, ਇੰਡੀਅਨ ਪੋਲੀਟੀ, ਇੰਡੀਅਨ ਇਕੋਨੋਮੀ ਐਵਰੀਡੇ ਸਾਇੰਸ, ਕਰੰਟ ਈਵੈਂਟਸ) ਆਦਿ ਵਿਸ਼ਿਆਂ ਦੇ ਅਬਜੈਕਟਿਵ ਟਾਈਪ ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ, ਜੋ ਕਿ 24 ਅਪਰੈਲ, 2018 ਨੂੰ ਸਵੇਰੇ 10 ਵਜੇ ਡਾ. ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼, ਮੁਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ 45 ਮਿੰਟ ਦਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰ ਵੱਲੋਂ ਮੁਕੰਮਲ ਬਿਨੈ-ਪੱਤਰ, ਜਿਸ ਨਾਲ ਸਾਰੇ ਲੋੜੀਂਦੇ ਸਰਟੀਫਿਕੇਟ ਦੀਆਂ ਸਵੈ- ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਹੋਣ, 18 ਅਪਰੈਲ, 2018 ਨੂੰ ਜਾਂ ਇਸ ਤੋਂ ਪਹਿਲਾਂ ਪ੍ਰਿੰਸੀਪਲ, ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਸੰਸਥਾ, ਮੁਹਾਲੀ ਦੇ ਦਫ਼ਤਰ ਵਿਖੇ ਪਹੁੰਚ ਜਾਣਾ ਚਾਹੀਦਾ ਹੈ।