ਐਲਕ ਗਰੋਵ ਸਿਟੀ ਦੀ ਮਲਟੀਕਲਚਰਲ ਕਮੇਟੀ ਵੱਲੋਂ ਸਾਲਾਨਾ ਮੇਲੇ ਦਾ ਆਯੋਜਨ

August 29
10:24
2018
ਸੈਕਰਾਮੈਂਟੋ, 29 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ਦੇ ਐਲਕ ਗਰੋਵ ਸਿਟੀ ਦੀ ਮਲਟੀਕਲਚਰਲ ਕਮੇਟੀ ਵੱਲੋਂ ਸਾਲਾਨਾ ਮੇਲੇ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਮੁਲਕਾਂ ਨਾਲ ਸਬੰਧ ਰੱਖਦੇ ਲੋਕਾਂ ਵੱਲੋਂ ਸੱਭਿਆਚਾਰ ਅਤੇ ਵਿਰਸੇ ਦੀ ਸਫਲ ਪੇਸ਼ਕਾਰੀ ਕੀਤੀ ਗਈ। ਵੱਖ-ਵੱਖ ਦੇਸ਼ਾਂ ਦੇ ਲੋਕ ਨਾਚ ਅਤੇ ਸੰਗੀਤ ਆਈਟਮਾਂ ਸਲਾਹੁਣਯੋਗ ਸੀ। ਸਿੱਖ ਕੌਮ ਵੱਲੋਂ ਵੀ ਮਾਰਸ਼ਲ ਆਰਟ ਗਤਕੇ ਦੀ ਪੇਸ਼ਕਾਰੀ ਕੀਤੀ ਗਈ। ਇਸ ਫੈਸਟੀਵਲ ਨੂੰ ਦੇਖਣ ਲਈ 15 ਹਜ਼ਾਰ ਦੇ ਕਰੀਬ ਲੋਕ ਪਹੁੰਚੇ, ਜੋ ਕਿ ਵੱਖ-ਵੱਖ ਧਰਮਾਂ, ਜਾਤਾਂ ਅਤੇ ਨਸਲਾਂ ਨਾਲ ਸਬੰਧਤ ਸਨ। ਇਹ ਮੇਲਾ ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਦੇ ਸਹਿਯੋਗ ਨਾਲ ਪਿਛਲੇ ਕੁਝ ਸਾਲਾਂ ਤੋਂ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ। ਅਜਿਹੇ ਸਮਾਗਮਾਂ ਨਾਲ ਜਿੱਥੇ ਆਪਸੀ ਭਾਈਚਾਰਾ ਵਧਦਾ ਹੈ, ਉਥੇ ਇਕ ਦੂਜੇ ਧਰਮਾਂ ਦੇ ਲੋਕਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।