ਐਮਾਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਨੇ ਕੋਰੋਨਾਂ ਮਹਾਂਮਾਰੀ ਦੌਰਾਨ ਦਾਨ ਕੀਤੇ 4.2 ਬਿਲੀਅਨ ਡਾਲਰ

67
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ਾਨ ਦੇ ਸੀ ਈ ਓ  ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕਨੀਜ਼ ਸਕਾਟ ਨੇ ਕੋਰੋਨਾਂ ਵਾਇਰਸ ਦੌਰਾਨ ਪਿਛਲੇ ਚਾਰ ਮਹੀਨਿਆਂ ਵਿੱਚ ਸੰਘਰਸ਼ ਕਰ ਰਹੇ ਅਮਰੀਕਾ ਵਾਸੀਆਂ ਦੀ ਸਹਾਇਤਾ ਕਰਨ ਲਈ ਚੈਰਿਟੀਜ਼ ਨੂੰ ਤਕਰੀਬਨ 4.2 ਬਿਲੀਅਨ ਡਾਲਰ ਦਾਨ ਵਿੱਚ ਦਿੱਤੇ ਹਨ। ਇਸ ਸੰਬੰਧੀ ਮੰਗਲਵਾਰ ਨੂੰ ਇੱਕ ਪੋਸਟ ਵਿੱਚ, ਵਿਸ਼ਵ ਦੀ ਇਸ ਤੀਜੀ ਅਮੀਰ ਔਰਤ ਨੇ ਦੱਸਿਆ ਕਿ ਇਸ ਸੰਕਟ ਦੌਰਾਨ ਉਸਨੇ ਦੇਸ਼ ਭਰ ਦੀਆਂ 384 ਸੰਸਥਾਵਾਂ ਜਿਹਨਾਂ ਵਿੱਚ ਫੂਡ ਬੈਂਕ, ਸਮਾਜ ਸੇਵੀ ਪ੍ਰੋਗਰਾਮ,ਨਾਗਰਿਕ ਅਧਿਕਾਰ ਸਮੂਹ, ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ , ਨੂੰ ਇਹ ਰਾਸ਼ੀ ਦਿੱਤੀ ਹੈ।ਇਸ ਸਹਾਇਤਾ ਪ੍ਰਕਿਰਿਆ ਵਿੱਚ ਸਕਾਟ ਅਨੁਸਾਰ ਉਸ ਦੇ ਸਲਾਹਕਾਰਾਂ ਦੀ ਟੀਮ ਨੇ ਲਗਭਗ 6,500 ਸੰਸਥਾਵਾਂ ਦੇ ਸ਼ੁਰੂਆਤੀ ਪੂਲ ਤੋਂ ਦਾਨ ਦੀ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਕੀਤੀ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਪੈਸੇ ਦੀ ਵਰਤੋਂ ਕਰ ਸਕਣ ਅਤੇ ਉਸਦੀ ਟੀਮ ਨੇ ਚੈਰਿਟੀਜ ਬਾਰੇ ਸੈਂਕੜੇ ਈਮੇਲ ਅਤੇ ਫੋਨ ਇੰਟਰਵਿਊਜ਼ ਨਾਲ ਚੰਗੀ ਤਰ੍ਹਾਂ ਪੜਤਾਲ ਕਰੀ ਸੀ ਜਦਕਿ ਸਕਾਟ ਦੁਆਰਾ ਕੀਤੇ ਇਸ ਤਾਜ਼ਾ ਦਾਨ ਨਾਲ ਉਸ ਦੁਆਰਾ ਇਸ ਸਾਲ ਵਿੱਚ ਕੀਤੇ ਕੁੱਲ ਦਾਨ ਦੀ ਰਕਮ ਨੂੰ ਲੱਗਭਗ 5.8 ਬਿਲੀਅਨ ਡਾਲਰ ਤੱਕ ਪਹੁੰਚਾ ਦਿੱਤਾ ਹੈ।ਬਲੂਮਬਰਗ ਦੇ ਅਰਬਪਤੀਆਂ ਦੀ ਸੂਚੀ-ਪੱਤਰ ਅਨੁਸਾਰ ਸਕਾਟ ਫਿਲਹਾਲ ਆਪਣੀ ਅੱਧੀ ਤੋਂ ਵੱਧ ਦੌਲਤ ਦੇਣ ਦੇ  ਟੀਚੇ ਨੂੰ ਪੂਰਾ ਕਰਨ ਵਿਚ ਅਜੇ ਬਹੁਤ ਦੂਰ ਹੈ। ਜਿਕਰਯੋਗ ਹੈ ਕਿ ਸਕਾਟ ਨੇ ਬੇਜ਼ੋਸ ਨਾਲ ਤਲਾਕ ਦੀ ਘੋਸ਼ਣਾ ਕਰਨ ਤੋਂ ਬਾਅਦ ਮਈ 2019 ਵਿੱਚ ਚੈਰੀਟੀਜ਼ ਦੀ ਸਹਾਇਤਾ ਕਰਨ ਦਾ ਟੀਚਾ ਮਿੱਥਿਆ ਸੀ।

Share