ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਦੇ 10 ਦਿਨਾਂ ਅੰਦਰ ਵੈਕਸੀਨ ਉਪਲਬੱਧ ਕਰਾਉਣ ਲਈ ਤਿਆਰ : ਸਿਹਤ ਮੰਤਰਾਲਾ

46
Share

-ਸਿਹਤ ਕਾਮਿਆਂ ਨੂੰ ਰਜਿਸਟਰੇਸ਼ਨ ਕਰਾਉਣ ਦੀ ਲੋੜ ਨਹੀਂ
ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਦੇ 10 ਦਿਨਾਂ ਅੰਦਰ ਕੋਵਿਡ-19 ਟੀਕੇ ਨੂੰ ਉਪਲੱਬਧ ਕਰਾਉਣ ਲਈ ਤਿਆਰ ਹੈ ਪਰ ਅੰਤਿਮ ਫ਼ੈਸਲਾ ਸਰਕਾਰ ਵੱਲੋਂ ਲਿਆ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਿਹਤ ਕਰਮੀਆਂ ਅਤੇ ਫਰੰਟਲਾਈਨ ਵਰਕਰਾਂ ਨੂੰ ਰਜਿਸਟਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਡੇਟਾ ਵੱਡੇ ਪੱਧਰ ’ਤੇ ਕੋ-ਵਿਨ ਵੈਕਸੀਨ ਪ੍ਰਬੰਧਨ ਪ੍ਰਣਾਲੀ ’ਚ ਮੌਜੂਦ ਹੈ। ਉਨ੍ਹਾਂ ਕਿਹਾ, ‘‘ਪੂਰਵ ਅਭਿਆਸ ਦੇ ਫੀਡਬੈਕ ਦੇ ਆਧਾਰ ’ਤੇ ਸਿਹਤ ਮੰਤਰਾਲਾ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ 10 ਦਿਨਾਂ ਦੇ ਅੰਦਰ ਕੋਵਿਡ-19 ਟੀਕੇ ਨੂੰ ਪੇਸ਼ ਕਰਨ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਕੋ-ਵਿਨ ਯਾਨੀ ‘ਕੋਵਿਡ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਪ੍ਰਣਾਲੀ’ ਭਾਰਤ ਅਤੇ ਦੁਨੀਆਂ ਲਈ ਬਣਾਈ ਗਈ ਹੈ ਅਤੇ ਜਿਹੜਾ ਵੀ ਮੁਲਕ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ, ਭਾਰਤ ਸਰਕਾਰ ਪੂਰੀ ਸਰਗਰਮੀ ਨਾਲ ਉਨ੍ਹਾਂ ਦੀ ਮਦਦ ਕਰੇਗੀ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਇਕ ਉਮੀਦ ਦੇ ਮਾਹੌਲ ’ਚ ਭਾਰਤ ਮਹਾਮਾਰੀ ਦੇ ਹਾਲਾਤ ਤੋਂ ਉਭਰ ਰਿਹਾ ਹੈ ਅਤੇ ਸਰਗਰਮ ਕੇਸਾਂ ਅਤੇ ਮੌਤਾਂ ਦੇ ਨਵੇਂ ਮਾਮਲਿਆਂ ’ਚ ਗਿਰਾਵਟ ਨਾਲ ਹਾਲਾਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿ੍ਰਟੇਨ ’ਚ ਸਾਹਮਣੇ ਆਏ ਕਰੋਨਾਵਾਇਰਸ ਦੇ ਨਵੇਂ ਰੂਪ ਬਾਰੇ ਗੱਲ ਕਰੀਏ ਤਾਂ ਇਹ ਮੁਲਕ ’ਚ ਦਾਖ਼ਲ ਹੋ ਗਿਆ ਹੈ ਅਤੇ 71 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਜੋ ਵਿਗਿਆਨਕ ਜਾਂਚ ’ਚ ਸਾਡੀ ਸਮਰੱਥਾ ਨੂੰ ਦਰਸਾਉਂਦਾ ਹੈ। ਡੀ.ਸੀ.ਜੀ.ਆਈ. ਵੱਲੋਂ ਦੋ ਟੀਕਿਆਂ ਨੂੰ ਮਨਜ਼ੂਰੀ ਦੇਣ ਬਾਰੇ ਪੌਲ ਨੇ ਦੁਹਰਾਇਆ ਕਿ ਇਸ ਨੂੰ ਮਨਜ਼ੂਰੀ ਦੇਣ ’ਚ ਵਿਗਿਆਨਕ ਅਤੇ ਵਿਧਾਨਕ ਸਾਰੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਸਾਰੇ ਰੈਗੂਲੇਟਰੀ ਨੇਮਾਂ ਦਾ ਪਾਲਣ ਕੀਤਾ ਗਿਆ ਹੈ।

Share