ਐਬਟਸਫ਼ੋਰਡ ਵਿਚ 21 ਸਾਲਾ ਪੰਜਾਬੀ ਨੌਜਵਾਨ ਡਰਾਈਵਰ ‘ਤੇ ਪਿਸਤੌਲ ਤਾਣਨ ਦੇ ਮਾਮਲੇ ‘ਚ ਗ੍ਰਿਫ਼ਤਾਰ

69
Share

ਬ੍ਰਿਟਿਸ਼ ਕੋਲੰਬੀਆ, 29 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫ਼ੋਰਡ ਸ਼ਹਿਰ ਵਿਚ 21 ਸਾਲਾ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਤੂਰ ਨੂੰ ਇਕ ਡਰਾਈਵਰ ‘ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਐਬਟਸਫ਼ੋਰਡ ਪੁਲਸ ਮੁਤਾਬਕ 21 ਸਾਲਾ ਗੁਰਕੀਰਤ ਸਿੰਘ ਤੂਰ ਕਿਰਾਏ ‘ਤੇ ਲਈ ਗੱਡੀ ਵਿਚ ਜਾ ਰਿਹਾ ਸੀ, ਜਦੋਂ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਉਸ ਨੇ ਇਕ ਡਰਾਈਵਰ ‘ਤੇ ਪਿਸਤੌਲ ਤਾਣ ਦਿੱਤੀ। ਪੁਲਸ ਨੇ ਦੱਸਿਆ ਕਿ ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ।
ਗੱਡੀ ਦੀ ਤਲਾਸ਼ੀ ਦੌਰਾਨ ਸੀਟ ਥੱਲਿਓਂ ਭਰੀ ਹੋਈ ਪਿਸਤੌਲ ਬਰਾਮਦ ਹੋਈ। ਤੂਰ ‘ਤੇ ਪਿਸਤੌਲ ਤਾਣਨ, ਬਦਲੇ ਹੋਏ ਸੀਰੀਅਲ ਨੰਬਰ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ।  ਇਸ ਤੋਂ ਪਹਿਲਾਂ 2019 ਵਿਚ ਵੀ ਉਹ ਆਪਣੇ 3 ਸਾਥੀਆਂ ਨਾਲ ਪੁਲਸ ਦੇ ਹੱਥੀਂ ਚੜ੍ਹਿਆ ਸੀ। ਉਸ ਸਮੇਂ ਉਨ੍ਹਾਂ ਕੋਲੋਂ ਪੁਲਸ ਨੂੰ ਨਕਦੀ ਦੇ ਨਾਲ-ਨਾਲ ਨਸ਼ੀਲੇ ਪਦਾਰਥ ਵੀ ਮਿਲੇ ਸਨ। ਗੁਰਕੀਰਤ ਸਿੰਘ ਤੂਰ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

Share