ਏ.ਜੀ.ਪੀ.ਸੀ. ਨੇ ਅਮਰੀਕਾ ਦੇ ਟੌਮ ਲੈਂਟੋਸ ਅਤੇ ਯੂ.ਐੱਸ.ਸੀ.ਆਈ.ਆਰ.ਐੱਫ਼. ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭਾਰਤ ‘ਚ ਦਲਿਤਾਂ ‘ਤੇ ਹਮਲਿਆਂ ‘ਤੇ ਕਾਰਵਾਈ ਕਰਨ ਦੀ ਕੀਤੀ ਅਪੀਲ

ਵਾਸ਼ਿੰਗਟਨ ਡੀ. ਸੀ., 3 ਅਗਸਤ (ਪੰਜਾਬ ਮੇਲ)- ਭਾਰਤ ‘ਚ ਦਲਿਤਾਂ ‘ਤੇ ਵੱਧ ਰਹੇ ਹਮਲਿਆਂ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਟੌਮ ਲੈਂਟੋਸ ਅਤੇ ਯੂਨਾਈਟਿਡ ਸਟੇਟ ਕਮਿਸ਼ਨ ਫ਼ਾਰ ਇੰਟਰਨੈਸ਼ਨਲ ਰਿਲੀਜ਼ਸ ਫ਼ਰੀਡਮ (ਯੂ.ਐੱਸ.ਸੀ.ਆਈ. ਆਰ.ਐੱਫ਼.) ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਰੀਕਨ ਸਰਕਾਰ ਨੂੰ ਗੁਜ਼ਾਰਿਸ਼ ਕਰੇ ਕਿ ਉਹ ਇਸ ਮੁੱਦੇ ਨੂੰ ਯੂ.ਐੱਨ.ਓ. ਤੱਕ ਉਠਾਉਣ।
ਏ.ਜੀ.ਪੀ.ਸੀ. ਨੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜਦੋਂ ਤੋਂ ਮੌਜੂਦਾ ਬੀ.ਜੇ.ਪੀ. ਦੀ ਸਰਕਾਰ ਕੇਂਦਰ ‘ਚ ਆਈ ਹੈ, ਉਦੋਂ ਤੋਂ ਹੀ ਭਾਰਤ ‘ਚ ਦਲਿਤਾਂ ਅਤੇ ਘੱਟ ਗਿਣਤੀਆਂ ਖਿਲਾਫ਼ ਹਿੰਸਕ ਘਟਨਾਵਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਦਲਿਤ ਹਜ਼ਾਰਾਂ ਸਾਲਾਂ ਤੋਂ ਉੱਚ ਸ਼੍ਰੇਣੀਆਂ ਦੇ ਵਿਤਕਰੇ ਦਾ ਸ਼ਿਕਾਰ ਹੁੰਦੇ ਆਏ ਹਨ ਅਤੇ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਉਨ੍ਹਾਂ ਵਿਰੁੱਧ ਹਿੰਸਾ ਅਤੇ ਭੇਦਭਾਵ ਜਾਰੀ ਹੈ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਹੀ ਭਾਰਤ ਸਰਕਾਰ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰੇ, ਤਾਂਕਿ ਇਨ੍ਹਾਂ ਹੋ ਰਹੀਆਂ ਹਿੰਸਕ ਘਟਨਾਵਾਂ ਨੂੰ ਠੱਲ੍ਹ ਪੈ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਮਰੀਕਨ ਕਾਂਗਰਸ ਦੇ ਅੱਗੇ ਭਾਰਤ ‘ਚ ਹੋ ਰਹੀ ਦਲਿਤਾਂ ਅਤੇ ਘੱਟ ਗਿਣਤੀਆਂ ‘ਤੇ ਤਸ਼ਦੱਦ ਸਬੰਧੀ ਸੁਣਵਾਈ (ਹੇਰਿੰਗ) ਕਰਵਾਈ ਸੀ ਅਤੇ ਅਮਰੀਕਨ ਸਰਕਾਰ ਨੂੰ ਬੇਨਤੀ ਕੀਤੀ ਸੀ ਇਸ ਬਾਰੇ ਭਾਰਤ ਨਾਲ ਗੱਲਬਾਤ ਕਰੇ। ਉਨ੍ਹਾਂ ਦੋਹਾਂ ਮਨੁੱਖੀ ਅਧਿਕਾਰ ਕਮਿਸ਼ਨਾਂ ਨੂੰ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ‘ਚ ਜਾਤੀਵਾਦ ਅਤੇ ਫ਼ਿਰਕਾਪ੍ਰਸਤ ਇਸ ਵੇਲੇ ਚਰਮਸੀਮਾ ‘ਤੇ ਹੈ ਅਤੇ ਅਮਰੀਕਾ ਜੋ ਕਿ ਇਕ ਲੋਕਤੰਤਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ‘ਤੇ ਪਹਿਰਾ ਦੇਣ ਵਾਲਾ ਦੁਨੀਆਂ ਦਾ ਸਭ ਤੋਂ ਉੱਤਮ ਦੇਸ਼ ਹੈ, ਨੂੰ ਡਿਪਲੋਮੈਟਿਕ ਚੈਨਲਾਂ ਨੂੰ ਵਰਤਦਿਆਂ ਭਾਰਤ ਸਰਕਾਰ ‘ਤੇ ਇਸ ਮਸਲੇ ਦੇ ਹੱਲ ਲਈ ਗੱਲਬਾਤ ਕਰਨੀ ਚਾਹੀਦੀ ਹੈ।
There are no comments at the moment, do you want to add one?
Write a comment