ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿਰਸਾਨਾਂ ਨੂੰ ਫੜਨ ਦੇ ਕੋਝੇ ਕੰਮਾਂ ਤੋਂ ਬਾਜ ਆਉਣ ਵਾਸਤੇ ਵੀ ਕਿਹਾ
ਸਾਨ ਫਰਾਂਸਿਸਕੋ, 25 ਨਵੰਬਰ (ਬਲਵਿੰਦਰਪਾਲ ਸਿੰਘ ਖਾਲਸਾ/ ਪੰਜਾਬ ਮੇਲ)- ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਇਸਟ ਕੋਸਟ ਨੇ ਸ਼ੰਭੂ ਮੋਰਚੇ ਦਾ ਸਿਧਾਂਤਕ ਤੌਰ ‘ਤੇ ਪੂਰਾ ਸਮਰਥਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਪੰਜਾਬ ਦੇ ਅਸਲੀ ਪੁੱਤਰਾਂ ਦੇ ਹਰ ਤਰ੍ਹਾਂ ਨਾਲ ਖੜ੍ਹੀਆਂ ਹਨ ਤੇ ਪੂਰੀ ਤਰ੍ਹਾਂ ਉਨ੍ਹਾਂ ਦੇ ਦੁੱਖ-ਸੁੱਖ ‘ਚ ਸ਼ਾਮਲ ਹਨ। ਉਨ੍ਹਾਂ ਜੋ ਵੀ ਮੰਗਾਂ ਤੇ ਹੱਕਾਂ ਦੀ ਮੰਗ ਕੀਤੀ ਹੈ, ਉਹ ਪੂਰੀ ਤਰ੍ਹਾਂ ਦਰੁੱਸਤ ਹਨ। ਕਿਰਸਾਨਾਂ ਕਰਕੇ ਭਾਰਤ ਦੇਸ਼ ਦੀ ਹੋਂਦ ਬਚੀ ਰਹੀ ਹੈ ਤੇ ਬਚੀ ਰਹੇਗੀ।
ਖਾਲਸੇ ਦੇ ਅਨਮੋਲ ਨਿਸ਼ਾਨੇ ‘ਦੇਗ ਤੇਗ ਫਤਹਿ’ ਉਤੇ ਆਧਾਰਿਤ, ਕੁਝ ਦਹਾਕੇ ਪਹਿਲਾਂ ਪੂਰੇ ਦੇਸ਼ ਵਿਚ ‘ਜੈ ਜਵਾਨ ਜੈ ਕਿਸਾਨ’ ਦਾ ਨਾਹਰਾ ਪ੍ਰਚਲਿਤ ਹੋਇਆ ਸੀ, ਜਿਸਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੂਰਾ ਸਮਰਥਨ ਦਿੱਤਾ ਸੀ, ਕਿਉਂਕਿ ਸ਼ਾਸਤਰੀ ਸਮਝਦਾ ਸੀ ਕਿ ਕਿਰਸਾਨ ਤੇ ਜਵਾਨ ਦੇ ਰੂਪ ਵਿਚ ਮਿਹਨਤਕਸ਼ ਤੇ ਸਿਰ-ਧੜ ਦੀ ਬਾਜ਼ੀ ਲਾਉਣ ਵਾਲਾ ਸਿੱਖ ਹੀ ਜੂਝ ਰਿਹਾ ਹੈ। ਦੇਸ਼ ਦੇ ਅੰਦਰੂਨੀ ਹਾਲਤ ਵਾਸਤੇ ਕਿਰਸਾਨ ਦੀ ਮਿਹਨਤ ਨੇ ਰੰਗ ਬੰਨ੍ਹਿਆਂ ਸੀ ਤੇ ਖੁਰਾਕ ਪੱਖੋਂ ਪੰਜਾਬ ਦੇ ਸਿੱਖ ਕਿਰਸਾਨਾਂ ਨੇ ਭਾਰਤ ਨੂੰ ਆਤਮ ਨਿਰਭਰ ਬਣਾਇਆ ਸੀ। ਪੰਜਾਬ ਦੇ ਕਿਰਸਾਨਾਂ ਨੇ ਵਾਹਗੇ ਸਰਹੱਦ ਤੋਂ ਲੈ ਕੇ ਉਤਰਾਖੰਡ ਤੱਕ ਕਣਕ ਤੇ ਚੌਲਾਂ ਦੀਆਂ ਫਸਲਾਂ ਦੇ ਢੇਰ ਲਾ ਦਿੱਤੇ ਤੇ ਕਰੋੜਾਂ ਟਨ ਅਨਾਜ ਪੈਦਾ ਕੀਤਾ।
ਪਰ ਭਾਰਤ ਸਰਕਾਰ ਨੇ ਅੰਦਰ ਖਾਤੇ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਾਰਦਿਆਂ ਪੰਜਾਬ ਦੇ ਦਰਿਆਵਾਂ ਉੱਤੇ ਬੰਨ੍ਹ ਮਾਰਕੇ ਮੁਫਤ ਵਿਚ ਪਾਣੀ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਦੇਣਾ ਸ਼ੁਰੂ ਕਰਕੇ ਪੰਜਾਬ ਦੇ ਹੱਕਾਂ ਉਤੇ ਡਾਕਾ ਮਾਰਿਆ। ਪੰਜਾਬ ਦੀ ਬਿਜਲੀ ਸਸਤੇ ਭਾਅ ਦੂਜੇ ਰਾਜਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਪਰ ਪੰਜਾਬ ਨੂੰ ਮਹਿੰਗੇ ਭਾਅ ਬਿਜਲੀ ਦਿੱਤੀ। ਖਾਦਾਂ, ਬੀਜ, ਤੇ ਕੀਟਨਾਸ਼ਕ ਦਵਾਇਆਂ ਪੰਜਾਬ ਨੂੰ ਸੋਨੇ ਦੇ ਭਾਅ ਦਿੱਤੀਆਂ ਪਰ ਕਿਰਸਾਨਾਂ ਦੀਆਂ ਫਸਲਾਂ ਸਸਤੇ ਭਾਅ ਖਰੀਦੀਆਂ। ਖੇਤੀਬਾੜੀ ਵਾਸਤੇ ਟਰੈਕਟਰ ਤੇ ਹੋਰ ਮਸ਼ੀਨਰੀ ਬਹੁਤ ਮਹਿੰਗੇ ਭਾਅ ਕਿਰਸਾਨਾਂ ਨੂੰ ਵੇਚੇ ਪਰ ਕਿਰਸਾਨਾਂ ਦੀ ਹਰ ਫਸਲ ਲਾਗਤ ਮੁੱਲ ਤੋਂ ਘੱਟ ਮੁੱਲ ‘ਤੇ ਖਰੀਦੀ, ਜਿਸ ਕਰਕੇ ਕਿਰਸਾਨ ਹੌਲੀ-ਹੌਲੀ ਕਰਜ਼ਦਾਰ ਹੁੰਦਾ ਗਿਆ, ਪਰਿਵਾਰਾਂ ਦੇ ਵਾਧੇ ਕਰਕੇ ਜ਼ਮੀਨ ਦੇ ਟੋਟੇ ਹੁੰਦੇ ਗਏ। ਫਸਲਾਂ ਦੇ ਭਾਅ ਘਟਦੇ ਗਏ ਤੇ ਇੰਜ ਕੁਝ ਦਹਾਕਿਆਂ ਵਿਚ ਹੀ ਕਿਰਸਾਨ ਹਜ਼ਾਰਾਂ ਦੀ ਗਿਣਤੀ ‘ਚ ਖੁਦਕੁਸ਼ੀਆਂ ਕਰਨ ਲੱਗੇ। ਪਰਿਵਾਰ ਉਜੜ ਗਏ। ਤੇ ਹੁਣ ਕੇਂਦਰ ਦੀ ਬ੍ਰਾਹਮਣਵਾਦੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਕਿਰਸਾਨਾਂ ਦੀ ਫਸਲ ਦਾ ਘੱਟੋ-ਘੱਟ ਮੁੱਲ ਦੇਣਾ ਵੀ ਬੰਦ ਕਰਕੇ ਕਿਰਸਾਨਾਂ ਦੀ ਪੂਰਨ ਬਰਬਾਦੀ ਦਾ ਬੰਦੋਬਸਤ ਕਰਕੇ ਕਿਰਸਾਨਾਂ ਨੂੰ ਦਿਹਾੜੀਦਾਰ ਮਜ਼ਦੂਰ ਬਣਾਉਣ ਵਾਸਤੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਰੁੱਧ ਕਿਰਸਾਨਾਂ ਨੇ ਪੰਜਾਬ ਹਰਿਆਣਾ ਦੀ ਸਰਹੱਦ ਦੇ ਸ਼ੰਭੂ ਬਾਰਡਰ ਉਤੇ ਮੋਰਚਾ ਲਾ ਦਿੱਤਾ ਹੈ ਕਿ ਮੋਦੀ ਸਰਕਾਰ ਖੇਤੀਬਾੜੀ ਨਾਲ ਸੰਬਧਿਤ ਕਾਨੂੰਨਾਂ ਨੂੰ ਵਾਪਸ ਲਏ ਤੇ ਫਸਲਾਂ ਦਾ ਲਾਹੇਵੰਦ ਭਾਅ ਦੇਵੇ।
ਹੁਣ ਕਿਸਾਨਾਂ ਨੇ ਦਿੱਲੀ ਜਾ ਕੇ ਕੇਂਦਰ ਸਰਕਾਰ ਦੀ ਧੁੰਨੀ ਵਿਚ ਮੋਰਚਾ ਲਾਉਣ ਦਾ ਇਰਾਦਾ ਕੀਤਾ ਹੈ, ਤਾਂ ਹਰਿਆਣੇ ਦਾ ਮੁੱਖ ਮੰਤਰੀ ਖੱਟਰ, ਜੋ ਹਿੰਦੂਤਵਾ ਦਹਿਸ਼ਤਗਰਦ ਜਥੇਬੰਦੀ ਆਰ.ਐੱਸ.ਐੱਸ. ਦਾ ਵੀ ਮੈਂਬਰ ਹੈ, ਨੇ ਕਿਰਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੰਦਿਆਂ, ਹਰਿਆਣੇ ਵਿਚੋਂ ਲੰਘਣ ਉਤੇ ਵੀ ਪਾਬੰਦੀ ਲਾ ਦਿੱਤੀ ਹੈ, ਜਿਸਦੀ ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਸਖਤ ਨਿਖੇਧੀ ਕਰਦਿਆਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿਰਸਾਨਾਂ ਨੂੰ ਫੜਨ ਦੇ ਕੋਝੇ ਕੰਮਾਂ ਤੋਂ ਬਾਜ ਆਉਣ ਵਾਸਤੇ ਕਿਹਾ ਹੈ। ਸਿੱਖ ਆਗੂਆਂ ਡਾ. ਪ੍ਰਿਤਪਾਲ ਸਿੰਘ, ਸ. ਜਸਵੰਤ ਸਿੰਘ ਹੋਠੀ, ਹਰਜਿੰਦਰ ਸਿੰਘ ਤੇ ਹਿੰਮਤ ਸਿੰਘ ਨੇ ਕਿਹਾ ਹੈ ਕਿ ਕਿਰਸਾਨਾਂ ਦੀ ਹਰ ਮੰਗ ਕਾਨੂੰਨੀ ਤੇ ਹੱਕ ਬਜਾਨਬ ਹੈ ਤੇ ਹਰ ਹਾਲਤ ਵਿਚ ਮੰਨੀ ਜਾਣੀ ਚਾਹੀਦੀ ਹੈ ਤੇ ਨਾ ਮੰਨਣ ਦੀ ਹਾਲਤ ਵਿਚ ਪੂਰੇ ਭਾਰਤ ਨੂੰ ਨਤੀਜੇ ਭੁਗਣਤੇ ਪੈਣਗੇ।