ਏਅਰ ਨਿਊਜ਼ੀਲੈਂਡ ਵੱਲੋਂ ‘ਵਤਨ ਵਾਪਸੀ’ ਲਈ ਵਿਸ਼ੇਸ਼ ਜਹਾਜ਼ ਚਲਾਉਣੇ ਸ਼ੁਰੂ ਕੀਤੇ-ਪਹਿਲੀ ਫਲਾਈਟ ਨਿਕਲੀ ਜ਼ਰਮਨੀ ਨੂੰ

457
Share

ਔਕਲੈਂਡ, 3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ ਪੰਜਾਬ ਮੇਲ)- ਏਅਰ ਨਿਊਜ਼ੀਲੈਂਡ ਦੁਨੀਆ ਦੀਆਂ ਸਿਖਰਲੀਆਂ ਏਅਰ ਲਾਈਨਾਂ ਦੇ ਵਿਚ 5 ਸਾਲ ਲਗਾਤਾਰ ਟਾਪ ਰਹਿ ਚੁੱਕੀ ਹੈ ਅਤੇ ਇਸ ਸਾਲ 30 ਅਪ੍ਰੈਲ ਨੂੰ ਆਪਣਾ 80ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਦੁਨੀਆ ਦੀ ਇਹ ਪਹਿਲੀ ਫਲਾਈਟ ਹੈ ਜਿਸ ਨੇ ਅਕਾਸ਼ ਦੇ ਵਿਚ ਪਾਣੀ ਉਬਾਲ ਕੇ ਚਾਹ ਅਤੇ ਕੌਫੀ ਦੀ ਸ਼ੁਰੂਆਤ ਕੀਤੀ ਸੀ। ਅੱਜ ਜਦੋਂ ਪੂਰੀ ਦੁਨੀਆ ਕਰੋਨਾ ਵਾਇਰਸ ਦੇ ਨਾਲ ਲੜ ਰਹੀ ਹੈ, ਵਿਦੇਸ਼ੀ ਸੈਰ ਸਪਾਟਾ ਕਰਨ ਵਾਲੇ ਲੋਕ ਵੱਖ-ਵੱਖ ਦੇਸ਼ਾਂ ਦੇ ਵਿਚ ਫਸੇ ਹੋਏ ਹਨ ਅਤੇ ਵਾਪਿਸ ਆਪਣੇ-ਆਪਣੇ ਵਤਨੀ ਮੁੜਨਾ ਚਾਹੁੰਦੇ ਹਨ। ਏਅਰ ਨਿਊਜ਼ੀਲੈਂਡ ਨੇ ਇਕ ਪ੍ਰੋਗਰਾਮ ਤਹਿਤ ਫੈਸਲਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਫਸੇ ਵਿਦੇਸ਼ੀ ਸੈਰਗਾਹੀਆਂ ਨੂੰ ਵੱਖ-ਵੱਖ ਵਤਨਾਂ ਦੇ ਵਿਚ ਛੱਡਿਆ ਜਾਵੇ ਅਤੇ ਅੱਜ ਪਹਿਲਾ ਜਹਾਜ਼ ਜ਼ਰਮਨੀ ਦੇ ਲਈ ਰਵਾਨਾ ਹੋਇਆ। ਫਰੈਂਕਫਰਟ ਵਿਖੇ ਇਸ ਜਹਾਜ਼ ਦੇ ਵਿਚ ਸਵਾਰੀਆਂ ਤਾਂ ਬੈਠੀਆਂ ਰਹਿਣਗੀਆਂ ਪਰ ਪਾਇਲਟ ਆਦਿ ਬਦਲ ਜਾਣਗੇ। ਅਜੇ ਹੋਰ ਇਸੀ ਤਰ੍ਹਾਂ ਦੀਆਂ ਫਲਾਈਟਾਂ ਚੱਲਣੀਆਂ ਹਨ।
ਭਾਵੇਂ 95% ਫਲਾਈਟਾਂ ਬੰਦ ਅਤੇ ਹਫਤੇ ਦੇ ਵਿਚ ਸਿਰਫ 38 ਕੁ ਉਡਾਣਾ ਉਡ ਰਹੀਆਂ ਹਨ ਉਹ ਵੀ ਜਰੂਰੀ ਵਸਤਾਂ ਦੇ ਲਈ। ਇਸ ਵੇਲੇ 106 ਹਵਾਈ ਜ਼ਹਾਜ ਏਅਰ ਪੋਰਟਾਂ ਉਤੇ ਹਨ। ਇਨ੍ਹਾਂ ਨੂੰ ਦੁਬਾਰਾ ਉਡਾਣ ਭਰਨ ਤੋਂ ਪਹਿਲਾਂ ਘੰਟਿਆਂ ਬੱਧੀ ਚੈਕ ਕਰਨਾ ਹੋਏਗਾ। ਕਾਰਗੋ ਜਹਾਜ਼ ਓਵਰ ਟਾਈਮ ਲਾ ਕੇ ਮੈਡੀਕਲ ਸਹੂਲਤਾਂ, ਸਮੁੰਦਰੀ ਭੋਜਨ ਅਤੇ ਹੋਰ ਡੇਅਰੀ ਪ੍ਰੋਡਕਟ ਦੀ ਸਪਲਾਈ ਕਰ ਰਹੇ ਹਨ। 18 ਇੰਟਰਨੈਸ਼ਨਲ ਫਲਾਈਟ ਇਸ ਵੇਲੇ ਜਾਰੀ ਹਨ। ਏਅਰਪੁਆਇੰਟਾਂ ਵਾਸਤੇ ਵੀ ਨਵਾਂ ਐਲਾਨ ਅੱਜਕੱਲ੍ਹ ਦੇ ਵਿਚ ਹੋਣ ਵਾਲਾ ਹੈ ਕਿਉਂਕਿ ਇਨ੍ਹਾਂ ਦੀ ਵੀ 30ਵੀ ਸਾਲਗਿਰਾ ਹੈ।
ਏਅਰ ਨਿਊਜ਼ੀਲੈਂਡ ਅਤੇ ਸਿੰਗਾਪੋਰ ਏਅਰਲਾਈਨ ਇਕ ਸਮਝੌਤੇ ਤਹਿਤ ਆਪਣੀਆਂ ਫਲਾਈਟਾਂ ਦਾ ਆਦਾਨ ਪ੍ਰਦਾਨ ਇੰਡੀਆ ਵਾਸਤੇ ਵੀ ਕਰਦੀਆਂ ਅਤੇ ਆਸ ਰੱਖੀ ਜਾ ਸਕਦੀ ਹੈ ਕਿ ਭਾਰਤੀ ਨਾਗਰਿਕ ਜੋ ਨਿਊਜ਼ੀਲੈਂਡ ਫਸੇ ਹਨ ਉਨ੍ਹਾਂ ਦੇ ਜਾਣ ਦਾ ਪ੍ਰਬੰਧ ਵੀ ਹੋ ਸਕੇਗਾ ਅਤੇ ਜੋ ਭਾਰਤ ਦੇ ਵਿਚ ਨਿਊਜ਼ੀਲੈਂਡ ਫਸੇ ਹਨ ਉਹ ਵਾਪਿਸ ਆ ਸਕਣਗੇ। ਵੈਬਸਾਈਟ ਉਤੇ ਨਿਗ੍ਹਾ ਮਾਰੀਏ ਤਾਂ ਦਿੱਲੀ ਤੋਂ ਔਕਲੈਂਡ ਲਈ ਪਹਿਲੀ ਫਲਾਈਟ 1 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਔਕਲੈਂਡ ਤੋਂ ਦਿੱਲੀ ਲਈ 2 ਮਈ ਤੋਂ ਸ਼ੁਰੂ ਹੋ ਰਹੀ ਹੈ। ਗਾਹਕਾਂ ਨੂੰ ਲੋੜ ਹੈ ਡਬਲ ਚੈਕ ਕਰ ਲੈਣ।


Share