ਏਅਰਲਾਈਨ ਏਅਰ ਏਸ਼ੀਆ ਬਰਹਡ ਵੱਲੋਂ ਭਾਰਤ ‘ਚੋਂ ਆਪਣਾ ਕਾਰੋਬਾਰ ਸਮੇਟਣ ਦੇ ਸੰਕੇਤ

54
Share

ਨਵੀਂ ਦਿੱਲੀ, 17 ਨਵੰਬਰ (ਪੰਜਾਬ ਮੇਲ)- ਭਾਰਤ ‘ਚ ਟਾਟਾ ਸੰਨਜ਼ ਨਾਲ ਸਾਂਝੇ ਉੱਦਮ ਤਹਿਤ ਏਅਰ ਏਸ਼ੀਆ ਇੰਡੀਆ ਏਅਰਲਾਈਨ ਚਲਾ ਰਹੀ ਮਲੇਸ਼ੀਆ ਦੀ ਫਲੈਗਸ਼ਿਪ ਬਜਟ ਏਅਰਲਾਈਨ ਏਅਰ ਏਸ਼ੀਆ ਬਰਹਡ ਨੇ ਭਾਰਤ ਵਿਚ ਆਪਣਾ ਕਾਰੋਬਾਰ ਸਮੇਟਣ ਦੇ ਸੰਕੇਤ ਦਿੱਤੇ ਹਨ।  ਏਅਰ ਏਸ਼ੀਆ ਬਰਹਡ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟਾਟਾ ਸੰਨਜ਼ ਨਾਲ ਸਾਂਝੇ ਉੱਦਮ ਤੋਂ ਬਾਹਰ ਨਿਕਲ ਸਕਦੀ ਹੈ। ਇਸ ਦੀ ਏਅਰ ਏਸ਼ੀਆ ਇੰਡੀਆ ‘ਚ 49 ਫ਼ੀਸਦੀ ਹਿੱਸੇਦਾਰੀ ਹੈ। ਹਾਲਾਂਕਿ, ਇਸ ਵਿਚਕਾਰ ਇਹ ਵੀ ਖ਼ਬਰਾਂ ਹਨ ਕਿ ਟਾਟਾ ਸੰਨਜ਼ ਏਅਰ ਏਸ਼ੀਆ ‘ਚ ਪੂਰੀ ਹਿੱਸੇਦਾਰੀ ਖ਼ਰੀਦਣ ਲਈ ਗੱਲਬਾਤ ਕਰ ਰਿਹਾ ਹੈ।
ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਜਾਪਾਨ ਦੀ ਤਰ੍ਹਾਂ ਭਾਰਤ ਵਿਚ ਵੀ ਕੰਪਨੀ ਦਾ ਕਾਰੋਬਾਰ ਨੁਕਸਾਨ ਵਿਚ ਚੱਲ ਰਿਹਾ ਹੈ ਅਤੇ ਇਸ ਕਾਰਨ ਕੰਪਨੀ ‘ਤੇ ਵਿੱਤੀ ਬੋਝ ਵੱਧ ਰਿਹਾ ਹੈ। ਕੰਪਨੀ ਨੇ ਪਿਛਲੇ ਮਹੀਨੇ ਜਾਪਾਨ ਵਿਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਸੀ।
ਗੌਰਤਲਬ ਹੈ ਕਿ ਭਾਰਤ ਵਿਚ ਸਾਲ 2014 ਵਿਚ ਸੰਚਾਲਨ ਸ਼ੁਰੂ ਕਰਨ ਵਾਲੀ ਇਸ ਏਅਰਲਾਈਨ ਨੇ ਕਦੇ ਵੀ ਸਾਲਾਨਾ ਸ਼ੁੱਧ ਲਾਭ ਨਹੀਂ ਦਰਜ ਕੀਤਾ ਹੈ। ਕੋਵਿਡ-19 ਮਹਾਮਾਰੀ ਕਾਰਨ ਲਾਈ ਗਈ ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਾਰਨ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ‘ਚ ਏਅਰਲਾਈਨ ਦਾ ਘਾਟਾ ਵੱਧ ਕੇ 332 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਦੀ ਇਸ ਮਿਆਦ ਵਿਚ ਏਅਰਲਾਈਨ ਦਾ ਨੁਕਸਾਨ 15.11 ਕਰੋੜ ਰੁਪਏ ਰਿਹਾ ਸੀ।


Share