ਉੱਤਰੀ ਖੇਤਰ (ਐੱਨ.ਟੀ.) ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਖੇਤਰ ਬਣਿਆ

66
Share

ਡਾਰਵਿਨ, 7 ਅਕਤੂਬਰ (ਪੰਜਾਬ ਮੇਲ)- ਮਾਰਚ 2020 ‘ਚ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਿਚ ਸਖਤ ਬਾਰਡਰ ਪਾਬੰਦੀਆਂ ਲਗਾਏ ਜਾਣ ਦੇ ਬਾਅਦ ਉੱਤਰੀ ਖੇਤਰ (ਐੱਨ.ਟੀ.) ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਖੇਤਰ ਬਣ ਗਿਆ ਹੈ।
ਆਸਟ੍ਰੇਲੀਆ ਦੇ ਪਹਿਲੇ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ, ਇਸ ਮਹੀਨੇ ਦੇ ਅਖੀਰ ਵਿਚ ਘੱਟੋ-ਘੱਟ 70 ਵਿਦਿਆਰਥੀ ਸਿੰਗਾਪੁਰ ਤੋਂ ਇਸ ਖੇਤਰ ਦੀ ਰਾਜਧਾਨੀ ਡਾਰਵਿਨ ਪਹੁੰਚਣਗੇ। ਚਾਰਲਸ ਡਾਰਵਿਨ ਯੂਨੀਵਰਸਿਟੀ ਕੈਂਪਸ (ਸੀ.ਡੀ.ਯੂ.) ਵਿਚ ਵਾਪਸ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਹਾਵਰਡ ਸਪ੍ਰਿੰਗਜ਼ ‘ਚ ਇਕ ਸਰਕਾਰੀ ਸਹੂਲਤ ‘ਤੇ ਦੋ ਹਫ਼ਤਿਆਂ ਲਈ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਹੋਵੇਗੀ। ਇੱਕ ਬਿਆਨ ਵਿਚ, ਸੀ.ਡੀ.ਯੂ. ਦੇ ਉਪ ਕੁਲਪਤੀ ਗਲੋਬਲ ਰਣਨੀਤੀ ਤੇ ਐਡਵਾਂਸਮੈਂਟ, ਐਂਡਰਿਊ ਐਵਰੇਟ ਨੇ ਕਿਹਾ ਕਿ ਵਿਦਿਆਰਥੀ ਆਪਣੇ ਖਰਚੇ ‘ਤੇ ਯਾਤਰਾ ਕਰਨਗੇ।
ਅੰਤਰਰਾਸ਼ਟਰੀ ਵਿਦਿਆਰਥੀ ਹਰ ਸਾਲ ਐੱਨ.ਟੀ. ਦੀ ਆਰਥਿਕਤਾ ‘ਚ ਅੰਦਾਜ਼ਨ 99 ਮਿਲੀਅਨ ਆਸਟ੍ਰੇਲੀਆਈ ਡਾਲਰ ਦਾ ਯੋਗਦਾਨ ਪਾਉਂਦੇ ਹਨ ਅਤੇ ਲਗਭਗ 500 ਨੌਕਰੀਆਂ ਦਾ ਸਮਰਥਨ ਕਰਦੇ ਹਨ। ਉਮੀਦ ਹੈ ਕਿ ਪਾਇਲਟ ਦੀ ਸਫਲਤਾ ਐੱਨ.ਟੀ. ਦੀ ਆਰਥਿਕਤਾ ਦੀ ਮੁੜ ਸਥਾਪਤੀ ‘ਚ ਯੋਗਦਾਨ ਪਾਉਣ ਵਿਚ ਮਦਦ ਕਰੇਗੀ। 2019 ਤੱਕ, ਅੰਤਰਰਾਸ਼ਟਰੀ ਸਿੱਖਿਆ ਉਦਯੋਗ ਆਸਟ੍ਰੇਲੀਆਈ ਆਰਥਿਕਤਾ ਲਈ 37.6 ਬਿਲੀਅਨ ਆਸਟ੍ਰੇਲੀਆਈ ਡਾਲਰ ਦਾ ਸੀ।
ਸਿਹਤ ਸੰਕਟ ਤੋਂ ਪਹਿਲਾਂ, ਐੱਨ.ਟੀ. ਸਰਕਾਰ ਨੇ ਐਲਾਨ ਕੀਤਾ ਸੀ ਕਿ ਇੱਕ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਦੇ ਤਹਿਤ, 2025 ਤੱਕ ਲਗਭਗ 10,000 ਵਿਦਿਆਰਥੀ ਇਸ ਖੇਤਰ ਵਿਚ ਆਉਣ ਦੇ ਯੋਗ ਹੋਣਗੇ।


Share