ਉੱਤਰੀ ਕੋਰੀਆ ਨੇ ਇਕ ਵਾਰ ਫਿਰ ਦੱਖਣੀ ਕੋਰੀਆ ਨੂੰ ਦਿੱਤੀ ਮਿਲਟਰੀ ਕਾਰਵਾਈ ਕਰਨ ਦੀ ਧਮਕੀ 

134
Share

ਪਿਓਂਗਯਾਂਗ, 14 ਜੂਨ (ਪੰਜਾਬ ਮੇਲ)- ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਗਤੀਰੋਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਚ ਉੱਤਰੀ ਕੋਰੀਆ ਨੇ ਇਕ ਵਾਰ ਫਿਰ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ। ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਅਸਲ ਵਿਚ ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਦੇ ਵਿਰੁੱਧ ਮਿਲਟਰੀ ਕਾਰਵਾਈ ਦੀ ਧਮਕੀ ਇਸ ਲਈ ਦਿੱਤੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਿਓਲ ਦੋ-ਪੱਖੀ ਸੰਬੰਧਾਂ ਵਿਚ ਗਿਰਾਵਟ ਦਾ ਕਾਰਨ ਬਣ ਰਿਹਾ ਹੈ। ਇਸ ਦੇ ਨਾਲ ਹੀ ਉਹ ਸੀਮਾ ‘ਤੇ ਉੱਤਰੀ ਕੋਰੀਆ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿਚ ਅਸਮਰੱਥ ਸਾਬਤ ਹੋ ਰਿਹਾ ਹੈ।

ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਦੁਸ਼ਮਣ ਦੱਸਦੇ ਹੋਏ ਕਿਹਾ ਕਿ ਉਹ ਸਿਓਲ ਸੀਮਾ ‘ਤੇ ਬੇਕਾਰ ਹੋ ਚੁੱਕੇ ਲਾਈਜਨ ਆਫਿਸ ਨੂੰ ਢਹਿ-ਢੇਰੀ ਹੁੰਦੇ ਦੇਖੇਗਾ। ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਦੀ ਪਹਿਲੀ ਵਾਈਸ ਡਿਪਾਰਟਮੈਂਟ ਡਾਇਰੈਕਟਰ ਕਿਮ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਵਿਰੁੱਧ ਅਗਲੀ ਕਾਰਵਾਈ ਦਾ ਫੈਸਲਾ ਮਿਲਟਰੀ ਪ੍ਰਮੁੱਖਾਂ ‘ਤੇ ਛੱਡ ਦਿੱਤਾ ਗਿਆ ਹੈ।ਕਿਮ ਯੋ ਜੋਂਗ ਨੇ ਕਿਹਾ,”ਸੁਪਰੀਮ ਲੀਡਰ, ਆਪਣੀ ਪਾਰਟੀ ਅਤੇ ਦੇਸ਼ ਵੱਲੋਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈਂ ਹਥਿਆਰਾਂ ਦੇ ਵਿਭਾਗ ਦੇ ਇੰਚਾਰਜ ਨੂੰ ਇਹ ਨਿਰਦੇਸ਼ ਦਿੰਦੀ ਹਾਂ ਕਿ ਉਹ ਅਗਲੀ ਕਾਰਵਾਈ ਦੇ ਰੂਪ ਵਿਚ ਦੁਸ਼ਮਣ ਦੇ ਵਿਰੁੱਧ ਜ਼ੋਰਦਾਰ ਕਾਰਵਾਈ ਕਰਨ।” ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਭੈਣ ਯੋ ਜੋਂਗ ਨੂੰ ਦੇਸ਼ ਵਿਚ ਦੂਜਾ ਸਭ ਤੋਂ ਮਹੱਤਵਪੂਰਣ ਚਿਹਰਾ ਮੰਨਿਆ ਜਾਂਦਾ ਹੈ। ਉਹ ਕਈ ਵਾਰ ਦੇਸ਼ ਤੋਂ ਬਾਹਰ ਵੀ ਉੱਤਰੀ ਕੋਰੀਆ ਦੀ ਨੁਮਾਇੰਦਗੀ ਕਰ ਚੁੱਕੀ ਹੈ। ਕਿਮ ਯੋ ਜੋਂਗ ਦੀ ਧਮਕੀ ਨਾਲ ਦੱਖਣੀ ਕੋਰੀਆ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਉਸ ਨੇ ਸੁਰੱਖਿਆ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ।


Share