ਉੱਤਰੀ ਕੈਰੋਲਾਈਨਾ ’ਚ ਹੋਈ ਗੋਲੀਬਾਰੀ ’ਚ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਮੌਤ

ਨਿਊਯਾਰਕ, 12 ਨਵੰਬਰ (ਪੰਜਾਬ ਮੇਲ)– ਅਮਰੀਕਾ ਦੇ ਸੂਬੇ ਉੱਤਰੀ ਕੈਰੋਲਾਈਨਾ ’ਚ ਹੋਈ ਗੋਲੀਬਾਰੀ ’ਚ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਮੌਤ ਹੋ ਗਈ ਅਤੇ ਚਾਰ ਜਣੇ ਫੱਟੜ ਹੋ ਗਏ। ਪੁਲਿਸ ਡਿਟੈਕਟਿਵ ਜਮਾਲ ਲਿਟਲਜੌਹਨ ਨੇ ਦੱਸਿਆ ਕਿ ਆਕਾਸ਼ ਆਰ ਤਲਾਤੀ, ਜੋ ਫੇਟਵਿਲੈ ਸਿਟੀ ’ਚ ਨਾਈਟਜ਼ ਇੱਨ ਐਂਡ ਡਾਇਮੰਡਜ਼ ਜੈਂਟਲਮੈੱਨਜ਼ ਕਲੱਬ ਦਾ ਮਾਲਕ ਸੀ, ਬੇਕਸੂਰ ਸੀ ਤੇ ਪਾਸੇ ਖੜ੍ਹਾ ਸੀ। ਕੱਲ੍ਹ ਇਕ ਵਿਅਕਤੀ ਨੂੰ ਕਲੱਬ ਵਿੱਚੋਂ ਬਾਹਰ ਕੱਢਿਆ ਗਿਆ ਸੀ। ਉਹ ਕੁੱਝ ਸਮੇਂ ਬਾਅਦ ਵਾਪਸ ਆਇਆ ਅਤੇ ਸੁਰੱਖਿਆ ਗਾਰਡ ’ਤੇ ਗੋਲੀਆਂ ਚਲਾ ਦਿੱਤੀ। ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ’ਚ ਆਕਾਸ਼ ਦੇ ਗੋਲੀ ਲੱਗ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਤੜਕੇ 1.51 ਵਜੇ ਕਲੱਬ ਤੋਂ ਫੋਨ ਆਇਆ ਸੀ। ਲਿਟਲਜੌਹਨ ਨੇ ਦੱਸਿਆ ਕਿ ਫੇਟਵਿਲੈ ਦੇ ਮਾਰਕੀਜ਼ ਡਿਊਇਟ (23) ਖ਼ਿਲਾਫ਼ ਇਰਾਦਾ ਕਤਲ ਅਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਊਇਟ ਦੇ ਚਾਰ ਜਾਂ ਪੰਜ ਗੋਲੀਆਂ ਲੱਗੀਆਂ ਹਨ ਅਤੇ ਕੇਪ ਫੀਅਰ ਵੈਲੀ ਮੈਡੀਕਲ ਸੈਂਟਰ ’ਚ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਡਿਊਇਟ ਤੇ ਸੁਰੱਖਿਆ ਗਾਰਡ ਨੇ ਹੀ ਗੋਲੀਆਂ ਚਲਾਈਆਂ ਸਨ ਅਤੇ ਬਾਕੀ ਪਾਸੇ ਖੜ੍ਹੇ ਸਨ। ਜ਼ਖ਼ਮੀ ਦੋ ਜਣਿਆਂ ਨੂੰ ਇਲਾਜ ਬਾਅਦ ਛੁੱਟੀ ਮਿਲ ਗਈ ਹੈ ਅਤੇ ਇਕ ਜਣੇ ਦੀ ਹਾਲਤ ’ਚ ਸੁਧਾਰ ਹੈ ਜਦੋਂਕਿ ਆਕਾਸ਼ ਇਲਾਜ ਦੌਰਾਨ ਦਮ ਤੋੜ ਗਿਆ।
ਸਰਕਾਰ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ: ਸੁਸ਼ਮਾ
ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਸਰਕਾਰ ਭਾਰਤੀ ਮੂਲ ਦੇ ਅਮਰੀਕੀ ਮੋਟਲ ਮਾਲਕ ਦੇ ਪਰਿਵਾਰ ਨੂੰ ਹਰ ਸੰਭਵ ਇਮਦਾਦ ਮੁਹੱਈਆ ਕਰਵਾਏਗੀ। ਸਿਲਸਿਲੇਵਾਰ ਟਵੀਟਾਂ ’ਚ ਸਵਰਾਜ ਨੇ ਕਿਹਾ ਕਿ ਅਮਰੀਕਾ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਆਕਾਸ਼ ਤਲਾਤੀ (40) ਦੀ ਮੌਤ ਕਿਨ੍ਹਾਂ ਹਾਲਾਤ ਵਿੱਚ ਹੋਈ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ। ਮੰਤਰੀ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਦੀ ਪੂਰੀ ਇਮਦਾਦ ਕੀਤੀ ਜਾਵੇਗੀ। ਤਲਾਤੀ ਪਿੱਛੋਂ ਆਨੰਦ ਗੁਜਰਾਤ ਨਾਲ ਸਬੰਧਤ ਹੈ।-