ਚੰਡੀਗੜ੍ਹ, 19 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਮੰਨਦਿਆਂ, ਉਹਨਾਂ ਨੂੰ ਸਰਕਾਰ ਦੇ ਰੈਗਲੂਰ ਕਰਮਚਾਰੀਆਂ ਦੀ ਤਰਜ਼ ਉੱਤੇ ਪ੍ਰਸੂਤੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਫੈਸਲੇ ਨਾਲ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਕੰਮ ਕਰਦੇ 1000 ਤੋਂ ਵੱਧ ਲੈਕਚਰਾਰਾਂ ਨੂੰ ਲਾਭ ਮਿਲੇਗਾ।
ਉੱਚੇਰੀ ਸਿੱਖਿਆ ਮੰਤਰੀ ਸ੍ਰੀ ਬਾਜਵਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਮਟੈਰਨਿਟੀ ਬੈਨੀਫਿਟ ਐਕਟ, 1961 ਅਨੁਸਾਰ ਵੱਧ ਤੋਂ ਵੱਧ 180 ਦਿਨ ਪ੍ਰਸੂਤਾ ਛੁੱਟੀ ਮਿਲਣਯੋਗ ਹੋਵਗੀ। ਉਹਨਾਂ ਦਸਿਆ ਕਿ ਗੈਸਟ ਫਕੈਲਟੀ ਲੈਕਚਰਾਰਾਂ ਦੀ ਪਿਛਲੀ ਸਰਕਾਰ ਦੇ ਸਮੇਂ ਤੋਂ ਇਹ ਮੰਗ ਸੀ, ਪਰ ਜਦੋਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਇਸ ਫੈਸਲੇ ਲਾਗੂ ਕਰਵਾਉਣ ਲਈ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਸੀ। ਉਨ੍ਹਾਂ ਨਾਲ ਹੀ ਦੱਸਿਆ ਕਿ ਪ੍ਰਸੂਤੀ ਛੁੱਟੀ ਦਾ ਲਾਭ ਪਹਿਲਾਂ ਪੱਕੇ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਹੀ ਮਿਲਦਾ ਸੀ, ਪਰ ਹੁਣ ਇਸ ਫੈਸਲੇ ਦੇ ਲਾਗੂ ਹੋਣ ਲਈ ਗੈਸਟ ਫਕੈਲਟੀ ਲੈਕਚਰਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਸ ਫੈਸਲੇ ਨੂੰ ਸਿਰੇ ਚਾੜਨ ਲਈ ਉੱਚੇਰੀ ਸਿੱਖਿਆ ਮੰਤਰੀ ਦੀਆਂ ਹਿਦਾਇਤਾਂ ਅਨੁਸਾਰ ਕ੍ਰਿਤ ਅਤੇ ਵਿੱਤ ਵਿਭਾਗ ਕੋਲ ਮਾਮਲਾ ਬੜੀ ਸੁਹਿਰਦਾ ਨਾਲ ਉਠਾਇਆ ਗਿਆ ਅਤੇ ਸਾਰੀਆਂ ਅੜਚਣਾਂ ਦੂਰ ਕਰਕੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਦੀ ਪ੍ਰਸੂਤੀ ਛੁੱਟੀ ਸਬੰਧੀ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨਾਂ ਨਾਲ ਹੀ ਦੱਸਿਆ ਕਿ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।