ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਸਾਰੀਆਂ ਮਹਿਲਾ ਸੈਨੇਟਰਾਂ ਨੂੰ ਡਿਨਰ ਦਾ ਸੱਦਾ

333
Share

ਫਰਿਜ਼ਨੋ, 16 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਦੀ ਸੈਨੇਟ ’ਚ ਸ਼ਾਮਲ ਸਾਰੀਆਂ ਮਹਿਲਾ ਸੈਨੇਟਰਾਂ ਨੂੰ ਮੰਗਲਵਾਰ ਦੀ ਸ਼ਾਮ ਨੂੰ ਨੇਵਲ ਆਬਜ਼ਰਵੇਟਰੀ ਵਿਖੇ ਉਸਦੇ ਘਰ ਵਿਚ ਡਿਨਰ ਲਈ ਸੱਦਾ ਦਿੱਤਾ ਹੈ। ਹੈਰਿਸ ਨੇ ਦੇਸ਼ ਦੇ ਸਾਰੀਆਂ 24 ਮਹਿਲਾ ਸੈਨੇਟਰਾਂ ਜਿਨ੍ਹਾਂ ਵਿਚ 16 ਡੈਮੋਕਰੇਟ ਅਤੇ 8 ਰਿਪਬਲੀਕਨ ਹਨ, ਨੂੰ ਡਿਨਰ ਲਈ ਬੁਲਾਇਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਉਪ-ਰਾਸ਼ਟਰਪਤੀ ਦੀ ਰਿਹਾਇਸ਼ ’ਤੇ ਸੰਸਦ ਮੈਂਬਰਾਂ ਦੀ ਮੇਜ਼ਬਾਨੀ ਹੋਵੇਗੀ।
ਅਲਾਸਕਾ ਦੀ ਲੀਜ਼ਾ ਮਰੋਕੋਵਸਕੀ ਅਤੇ ਮਾਈਨ ਦੀ ਸੁਜੈਨ ਕੋਲਿੰਸ ਜੋ ਕਿ ਰਿਪਬਲਿਕਨ ਸੈਨੇਟਰ ਹਨ, ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਾਤ ਦੇ ਖਾਣੇ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਹੈ। ਮੰਗਲਵਾਰ ਦੇ ਖਾਣੇ ’ਤੇ ਜਾ ਰਹੀਆਂ ਸੈਨੇਟਰਾਂ ਨੂੰ ਕੋਵਿਡ-19 ਲਈ ਨਕਾਰਾਤਮਕ ਟੈਸਟ ਦੇਣ ਦੀ ਜ਼ਰੂਰਤ ਹੈ। ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ, ਹੈਰਿਸ ਨੇ ਸਾਲ 2017 ਤੋਂ ਕੈਲੀਫੋਰਨੀਆ ਦੀ ਜੂਨੀਅਰ ਸੈਨੇਟਰ ਵਜੋਂ ਸੇਵਾ ਨਿਭਾਈ ਹੈ। ਹੈਰਿਸ ਨੂੰ ਮੈਕਸੀਕੋ ਦੇ ਨਾਲ ਲੱਗਦੀ ਦੱਖਣੀ ਸਰਹੱਦ ਦਾ ਦੌਰਾ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਮਾਰਚ ਵਿਚ ਸਰਹੱਦ ’ਤੇ ਪ੍ਰਵਾਸੀਆਂ ਦੇ ਵਾਧੇ ਨਾਲ ਨਜਿੱਠਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਪਿਛਲੇ ਹਫ਼ਤੇ ਹੈਰਿਸ ਗੈਰ ਕਾਨੂੰਨੀ ਪ੍ਰਵਾਸ ਦੇ ਮਸਲਿਆਂ ਸੰਬੰਧੀ ਗੱਲਬਾਤ ਕਰਨ ਲਈ ਗੁਆਟੇਮਾਲਾ ਅਤੇ ਮੈਕਸੀਕੋ ਦੀ ਯਾਤਰਾ ’ਤੇ ਗਈ ਸੀ।


Share