ਉਤਰ ਕੋਰੀਆ ‘ਚ ਰਹਿਣ ਵਾਲੇ ਅਪਣੇ ਨਾਗਰਿਕਾਂ ਨੂੰ ਅਮਰੀਕਾ ਨੇ ਦੇਸ਼ ਪਰਤਣ ਲਈ ਕਿਹਾ

ਅਮਰੀਕਾ 1 ਸਤਬੰਰ ਤੋਂ ਉਤਰ ਕੋਰੀਆ ‘ਤੇ ਲਗਾ ਰਿਹਾ ਟਰੈਵਲ ਬੈਨ
ਵਾਸ਼ਿੰਗਟਨ, 3 ਅਗਸਤ (ਪੰਜਾਬ ਮੇਲ)- ਉਤਰ ਕੋਰੀਆ ਅਤੇ ਅਮਰੀਕਾ ਦੇ ਵਿਚ ਤਕਰਾਰ ਵਧਦੀ ਹੀ ਜਾ ਰਹੀ ਹੈ। ਇਸ ਵਿਚ ਅਮਰੀਕਾ ਨੇ ਉਤਰ ਕੋਰੀਆ ਵਿਚ ਰਹਿਣ ਵਾਲੇ ਅਪਣੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਉਥੋਂ ਨਿਕਲਣ ਦੇ ਲਈ ਕਿਹਾ ਹੈ। ਦੱਸ ਦੇਈਏ ਕਿ ਅਮਰੀਕਾ 1 ਸਤੰਬਰ ਤੋਂ ਉਤਰ ਕੋਰੀਆ ‘ਤੇ ਟਰੈਵਲ ਬੈਨ ਲਗਾ ਰਿਹਾ ਹੈ। ਅਮਰੀਕਾ ਨਵਾਂ ਟਰੈਵਲ ਬੈਨ, ਉਤਰ ਕੋਰੀਆ ‘ਤੇ ਚਿਤਾਵਨੀ ਦੇ ਤੌਰ ‘ਤੇ ਲਗਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਸ ਟਰੈਵਲ ਬੈਨ ਦਾ ਐਲਾਨ ਕੀਤਾ ਸੀ ਜਿਸ ਨੂੰ ਬੁਧਵਾਰ ਨੂੰ ਫੈਡਰਲ ਰਜਿਸਟਰ ਵਿਚ ਛਾਪਿਆ ਗਿਆ ਹੈ। ਇਸ ਬੈਨ ਨੂੰ ਲਾਗੂ ਹੋਣ ਤੋਂ ਲਗਭਗ ਇਕ ਮਹੀਨੇ ਪਹਿਲਾਂ ਛਾਪਿਆ ਗਿਆ ਹੈ।
ਇਸ ਬੈਨ ਦੇ ਲਾਗੂ ਹੋਣ ਤੋਂ ਬਾਅਦ ਕੋਈ ਅਮਰੀਕੀ ਵੀ ਉਤਰ ਕੋਰੀਆ ਦੀ ਯਾਤਰਾ ਨਹੀਂ ਕਰ ਸਕਦਾ ਹੈ। ਗੌਰਤਲਬ ਹੈ ਕਿ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ 6 ਮੁਸਲਿਮ ਦੇਸ਼ਾਂ ਦੇ ਲੋਕਾਂ ‘ਤੇ ਟਰੈਵਲ ਬੈਨ ਲਗਾਇਆ ਸੀ। ਇਸ ਬੈਨ ਦੇ ਮੁਤਾਬਕ ਈਰਾਨ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ਨੂੰ ਅਮਰੀਕਾ ਵਿਚ ਵੜਨ ‘ਤੇ ਰੋਕ ਲਗਾ ਦਿੱਤੀ ਗਈ ਸੀ।