ਉਈਗਰ ਮੁਸਲਮਾਨਾਂ ਵੱਲੋਂ ਵਾਸ਼ਿੰਗਟਨ ‘ਚ ਅਮਰੀਕੀ ਸੂਬਾ ਵਿਭਾਗ ਦੇ ਅੱਗੇ ਪ੍ਰਦਰਸ਼ਨ

327
Share

-ਚੀਨ ਵਲੋਂ ਹੋ ਰਹੀ ਵਧੀਕੀ ਦਾ ਕੀਤਾ ਵਿਰੋਧ!
ਵਾਸ਼ਿੰਗਟਨ, 2 ਸਤੰਬਰ (ਨੀਟਾ/ਕੁਲਵੰਤ/ਪੰਜਾਬ ਮੇਲ)- ਚੀਨ ਵਲੋਂ ਹੋ ਰਹੀ ਵਧੀਕੀ ਦਾ ਵਿਰੋਧ ਕਰਨ ਲਈ ਉਈਗਰ ਮੁਸਲਮਾਨਾਂ ਨੇ ਵਾਸ਼ਿੰਗਟਨ ‘ਚ ਅਮਰੀਕੀ ਸੂਬਾ ਵਿਭਾਗ ਦੇ ਅੱਗੇ ਉੱਤਰੀ ਤੁਰਕੀਸਤਾਨ ਦੇ ਝੰਡੇ ਦੇ ਰੰਗ ਨਾਲ ਬਣੇ ਮਾਸਕ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਉਈਗਰਾਂ ਦੀ ਹੋ ਰਹੀ ਨਸਲਕੁਸ਼ੀ ਦੇ ਵਿਰੋਧ ‘ਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ‘ਬਲੈਕ ਲਾਈਵਜ਼ ਮੈਟਰ’ ਦੀ ਤਰਜ਼ ‘ਤੇ ਪ੍ਰਦਰਸ਼ਨਕਾਰੀ ‘ਉਈਗਰ ਲਾਈਵਜ਼ ਮੈਟਰ’ ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਵਿਚ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਉੱਤਰੀ ਤੁਰਕੀਸਤਾਨ ਨੂੰ ਆਜ਼ਾਦ ਦੇਸ਼ ਵਜੋਂ ਤਵੱਜੋ ਦੇਣ ਦੀ ਮੰਗ ਕੀਤੀ। ਉਈਗਰ ਕਾਰਕੁੰਨ ਹੈਦਰ ਜੈਨ ਨੇ ਇਸ ਪ੍ਰਦਰਸ਼ਨ ‘ਚ ਹਿੱਸਾ ਲਿਆ ਤੇ ਵਿਸ਼ਵ ਭਰ ਦੇ ਉਈਗਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ।
ਜ਼ਿਕਰਯੋਗ ਹੈ ਕਿ ਚੀਨ ਤੋਂ ਪ੍ਰੇਸ਼ਾਨ ਹੋਏ ਲੋਕ ਅਮਰੀਕਾ ਸਣੇ ਦੁਨੀਆਂ ਭਰ ਦੇ ਕਈ ਦੇਸ਼ਾਂ ‘ਚ ਸ਼ਰਣ ਲੈ ਕੇ ਬੈਠੇ ਹਨ। ਚੀਨ ਵਿਚ ਉਈਗਰ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੈ। ਇਨ੍ਹਾਂ ਲੋਕਾਂ ਉੱਤੇ ਤਸ਼ੱਦਦ ਕੀਤੇ ਜਾ ਰਹੇ ਹਨ ਅਤੇ ਗੁਲਾਮ ਬਣਾਇਆ ਗਿਆ ਹੈ। ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ। 3 ਲੱਖ ਧਾਰਮਿਕ ਘੱਟ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟ ਕੇ ਜਾਂ ਲੇਬਰ ਕੈਂਪਾਂ ਵਿਚ ਕੰਮ ਕਰਵਾਉਣ ਲਈ ਕੁੱਟਿਆ-ਮਾਰਿਆ ਜਾਂਦਾ ਹੈ।


Share