ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

ਸੈਕਰਾਮੈਂਟੋ, 22 ਮਈ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ (ਕੈਲ.) ਰਜਿ. ਵੱਲੋਂ ਬੀਤੇ ਐਤਵਾਰ ਮਾਊਂਟੈਨ ਮਾਈਕ ਸੈਕਰਾਮੈਂਟੋ ਦੇ ਕਾਨਫਰੰਸ ਹਾਲ ਵਿਚ ਸਾਲਾਨਾ ਕਾਨਫਰੰਸ ਦੀ ਸਫਲਤਾ ਸਹਿਤ ਸੰਪੰਨਤਾ ਤੋਂ ਬਾਅਦ ਪਹਿਲੀ ਮਾਸਿਕ ਮਿਲਣੀ ਰੱਖੀ ਗਈ। ਜਿਸ ਦਾ ਮੁੱਖ ਏਜੰਡਾ ਨਵੀਂ ਕਮੇਟੀ ਦੀ ਚੋਣ ਸੀ। ਸਾਹਿਤਕ ਨੁਮਾਇੰਦਿਆਂ ਵੱਲੋਂ ਪ੍ਰਧਾਨ ਦੀ ਪਦਵੀ ਲਈ ਦੋ ਸਾਹਿਤਕ ਸ਼ਖਸੀਅਤਾਂ ਦੇ ਨਾਮ ਉਭਰ ਕੇ ਆਏ। ਦੋਵੇਂ ਹੀ ਇਸ ਅਹੁਦੇ ਦੀ ਕਾਰਗੁਜ਼ਾਰੀ ਲਈ ਗੰਭੀਰ, ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਮ ਸਨ ਤੇ ਦੋਵਾਂ ਦੇ ਹੀ ਬਰਾਬਰੀ ਦੇ ਸਮਰਥਕ ਸਨ।
ਪੰਜਾਬੀ ਸਾਹਿਤ ਸਭਾ ਨੇ ਆਪਣੀ ਪੁਰਖਿਆਂ ਦੀ ਲੀਹ ‘ਤੇ ਚੱਲਦਿਆਂ ਨੌਜਵਾਨ ਕਵੀ ਇੰਦਰਜੀਤ ਗਰੇਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਣ ਦਾ ਜੈਕਾਰਾ ਗੁੰਜਾ ਦਿੱਤਾ। ਜਿਸ ਦੀ ਤਸਦੀਕ ਉਨ੍ਹਾਂ ਦੇ ਬਰਾਬਰ ਖੜ੍ਹੇ, ਆਹਲਾ ਸੂਝ-ਬੂਝ ਤੇ ਦੂਰ-ਅੰਦੇਸ਼ੀ ਦੇ ਮਾਲਕ ਸ਼੍ਰੀ ਹਰਭਜਨ ਸਿੰਘ ਢੇਰੀ ਨੇ ਚੋਣ ਦੀ ਦੌੜ ‘ਚੋਂ, ਆਪਣੇ ਪਾਕ-ਚਰਣ ਪਿੱਛੇ ਹਟਕੇ ਇੰਦਰਜੀਤ ਗਰੇਵਾਲ ਹੁਰਾਂ ਦਾ ਮੋਢਾ ਥਾਪੜ ਦਿੱਤਾ।
ਇਕ ਪਰੌੜ ਅਧਿਆਪਕ ਵਾਲਾ ਤਿਆਗ ਦਿਖਾ ਕੇ ਉਨ੍ਹਾਂ ਸਾਰੇ ਸਾਹਿਤਕਾਰਾਂ ਤੇ ਹਾਜ਼ਰੀਨ ਦੀ ਸ਼ਰਧਾ ਤੇ ਦਾਦ ਹਾਸਲ ਕੀਤੀ। ਇੰਦਰਜੀਤ ਗਰੇਵਾਲ ਨੂੰ ਨਵੇਂ ਪ੍ਰਧਾਨ ਵੱਲੋਂ, ਝੋਲੀ ਭਰਕੇ ਅਸੀਸਾਂ, ਵਧਾਈਆਂ ਤੇ ਸ਼ੁੱਭ ਇੱਛਾਵਾਂ ਨਾਲ ਨਿਵਾਜਿਆ ਗਿਆ। ਪੰਜਾਬੀ ਸਾਹਿਤ ਸਭਾ (ਕੈਲ.) ਨੇ ਇਸ ਤੱਥ ਦਾ ਪ੍ਰਮਾਣ ਦਿੱਤਾ ਕਿ ਉਹ ਹਮੇਸ਼ਾ ਮਾ ਬੋਲੀ ਦੀ ਸੇਵਾ ਲਈ ਵਚਨਬੱਧ ਹੈ ਤੇ ਰਾਜਨੀਤੀ ਤੋਂ ਉਪਰ ਉੱਠ ਕੇ ਸਦਾਚਾਰਕ ਕੀਮਤਾਂ ਦੀ ਧਾਰਨੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਜਗਿਆਸੂ, ਦਲਬੀਰ ‘ਦਿਲ’ ਨਿੱਜਰ, ਗੁਰਜਤਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ ਘੱਗ, ਮਨਜੀਤ ਕੌਰ ਸੇਖੋਂ, ਬਿਕਰ ਕੰਮੇਆਣਾ, ਸੁਖਦੇਵ ਸਿੰਘ ਢਿੱਲੋਂ, ਪ੍ਰੇਮ ਕੁਮਾਰ ਚੁੰਬਰ, ਦਿਲਬਾਗ ਸਿੰਘ, ਦਿਆਲ ਰਾਮਨਰ, ਬਲਜੀਤ ਕੌਰ ਸੋਹੀ, ਸਤਿੰਦਰ ਕੌਰ, ਤਤਿੰਦਰ ਕੌਰ, ਜੋਤੀ ਸਿੰਘ, ਕਮਲ ਬੰਗਾ, ਮੇਜਰ ਭੁਪਿੰਦਰ ਦਲੇਰ, ਅਜੈਬ ਸਿੰਘ ਚੀਮਾ, ਕਮਲ ਬੰਗਾ, ਰਮੇਸ਼ ਬੰਗੜ, ਜੀਵਨ ਰੱਤੂ ਤੇ ਗੁਰਿੰਦਰ ਸਿੰਘ ਸੂਰਾਪੁਰੀ ਵੀ ਸ਼ਾਮਲ ਸਨ। ਇੰਦਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਪਿਛਲੇ ਪ੍ਰਧਾਨ ਜਸਵੰਤ ਜੱਸੀ ਸ਼ੀਮਾਰ, ਹਰਭਜਨ ਢੇਰੀ, ਹਰਬੰਸ ਸਿੰਘ ਜਗਿਆਸੂ ਅਤੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਵੱਲੋਂ ਪੰਜਾਬੀ ਸਾਹਿਤ ਸਭਾ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਗੇ ਅਤੇ ਸਭਾ ਲਈ ਕੁੱਝ ਉਸਾਰੂ ਕਦਮ ਵੀ ਚੁੱਕੇ ਜਾਣਗੇ।