ਇੰਡੋ-ਯੂ.ਐੱਸ. ਹੈਰੀਟੇਜ ਆਰਗੇਨਾਈਜ਼ੇਸ਼ਨ ਫਰਿਜ਼ਨੋ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਮਨਾਈ ਗਈ ਲੋਹੜੀ

137
ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਆਰਗੇਨਾਈਜ਼ੇਸ਼ਨ ਦੇ ਮੈਂਬਰ।
Share

ਫਰਿਜ਼ਨੋ, 18 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਭਾਰਤ ਵਰਸ਼ ਵਿਚ, ਕੇਂਦਰ ਸਰਕਾਰ ਵੱਲੋਂ ਖੇਤੀ ਤੇ ਜਿਨਸ ਸੰਬੰਧੀ ਬਣਾਏ ਤਿੰਨ ਲੋਕ-ਮਾਰੂ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜੋ ਦੇਸ਼-ਵਿਆਪੀ ਅੰਦੋਲਨ ਵਿੱਢਿਆ ਗਿਆ ਹੈ, ਉਸ ਦੇ ਸੰਦਰਭ ਵਿਚ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ 13 ਜਨਵਰੀ ਨੂੰ ਲੋਹੜੀ ਵਾਲ਼ੇ ਦਿਨ, ਇੰਡੋ-ਯੂ.ਐੱਸ. ਹੈਰੀਟੇਜ ਆਰਗੇਨਾਈਜ਼ੇਸ਼ਨ (ਫਰਿਜ਼ਨੋ) ਦੇ ਸਮੂਹ ਮੈਂਬਰਾਂ ਨੇ ਬਰਾੜ ਫ਼ਾਰਮ ’ਤੇ ਮੀਟਿੰਗ ਕੀਤੀ।
ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਲੋਹੜੀ ਮਨਾਉਦੇ ਹੋਏ ਆਰਗੇਨਾਈਜ਼ੇਸ਼ਨ ਦੇ ਮੈਂਬਰ।

ਜਿਸ ਵਿਚ ਭਾਰਤ ਸਰਕਾਰ ਵੱਲੋਂ ਸੰਸਦ ਵਿਚ ਜਿਸ ਤਰ੍ਹਾਂ ਤਿੰਨ ਕਾਨੂੰਨ ਬਣਾਏ ਗਏ ਅਤੇ ਰਾਜ-ਸਭਾ ਵਿਚ ਬਿਨਾਂ ਵੋਟਿੰਗ ਕੀਤੀ ਜੋਰਾ-ਜਬਰੀ ਨਾਲ ਪਾਸ ਕੀਤੇ ਗਏ। ਇਨ੍ਹਾਂ ਕਾਲੇ ਕਾਨੂੰਨਾਂ ਦਾ ਦੁਨੀਆਂ ਭਰ ਵਿਚ ਵਿਰੋਧ ਹੋ ਰਿਹਾ ਹੈ। ਇਸੇ ਕੜੀ ਤਹਿਤ ਫਰਿਜ਼ਨੋ ਦੀ ਇੰਡੋ-ਯੂ.ਐੱਸ. ਹੈਰੀਟੇਜ ਆਰਗੇਨਾਈਜ਼ੇਸ਼ਨ ਵੱਲੋਂ ਵੀ ਲੋਹੜੀ ਵਾਲੇ ਦਿਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅੱਗ ਵਿਚ ਸਾੜਕੇ ਆਪਣਾ ਵਿਰੋਧ ਜ਼ਾਹਿਰ ਕੀਤਾ ਗਿਆ। ਜਥੇਬੰਦੀ ਦੇ ਸਿਰਮੌਰ ਆਗੂ ਤੇ ਫਾਊਂਡਰ ਸ. ਸਾਧੂ ਸਿੰਘ ਸੰਘਾ ਨੇ ਇਨ੍ਹਾਂ ਤਿੰਨਾਂ ਕਾਲ਼ੇ ਕਾਨੂੰਨਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਤੇ ਭਾਰਤੀ ਕਿਸਾਨ ਅੰਦੋਲਨ ਨੂੰ ਹੱਕਾਂ ਦੀ ਰਾਖੀ ਲਈ ਵਿੱਢਿਆ ਜਾਇਜ਼ ਸੰਘਰਸ਼ ਕਰਾਰ ਦਿੱਤਾ। ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਹੈਰੀ ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਲੱਖਾਂ ਕਿਸਾਨ, ਔਰਤਾਂ, ਬਜ਼ੁਰਗ ਅਤੇ ਬੱਚੇ, ਆਪਣੇ ਭਵਿੱਖ ਦੀ ਚਿੰਤਾ ਕਰਦੇ ਹੋਏ, ਪੋਹ-ਮਾਘ ਦੀ ਕੜਾਕੇ ਦੀ ਠੰਡ ਵਿਚ ਪਿਛਲੇ 53 ਦਿਨਾਂ ਤੋਂ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਉੱਪਰ ਬੁਲੰਦ ਹੌਂਸਲਿਆਂ ਨਾਲ਼ ਡਟੇ ਹੋਏ ਹਨ, ਅਸੀਂ ਹਰ-ਪੱਖ ਤੋਂ ਉਨ੍ਹਾਂ ਦੇ ਨਾਲ ਹਾਂ।

ਪੰਜਾਬੀ-ਅਮਰੀਕਨ ਗਰੋਅਰ ਗਰੁੱਪ ਦੇ ਬੁਲਾਰੇ ਅਤੇ ਜਥੇਬੰਦੀ ਦੇ ਸਿਰਕੱਢ ਮੈਂਬਰ, ਸੰਤੋਖ ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਕਾਲ਼ੇ ਕਾਨੂੰਨਾਂ ਦੀ ਨਿੰਦਾ ਕੀਤੀ। ਨਿਰਮਲ ਸਿੰਘ ਗਿੱਲ (ਧਨੌਲਾ) ਨੇ ਦੱਸਿਆ ਕਿ ਕੜਕਦੀ ਠੰਡ ਕਾਰਨ, ਅੱਜ ਤੱਕ ਧਰਨਿਆਂ ਵਿਚ ਸ਼ਾਮਲ ਹੋਣ ਆਏ, 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਰਣਜੀਤ ਗਿੱਲ ਨੇ ਆਖਿਆ ਕਿ ਇਹ ਤਿੰਨ ਕਾਲ਼ੇ ਕਾਨੂੰਨ, ਪੂਰੇ ਭਾਰਤ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਪੰਜਾਬ, ਹਰਿਆਣਾ ਅਤੇ ਦੇਸ਼ ਦੇ ਜੋ ਖੇਤੀ-ਪ੍ਰਧਾਨ ਸੂਬੇ ਹਨ, ਜਿਹੜੇ ਸੈਂਕੜੇ ਸਾਲਾਂ ਤੋਂ ਖੇਤੀ-ਬਾੜੀ ਦੇ ਮੁੱਖ ਕਿੱਤੇ ਨਾਲ਼ ਜੁੜੇ ਹਨ, ਅਗਰ ਉੱਥੇ ਇਨ੍ਹਾਂ ਨਵੇਂ ਕਾਨੂਨਾਂ ਅਨੁਸਾਰ, ਕਿਸਾਨ ਦੀ ਫਸਲ ਦਾ, ਲਾਗਤ ਅਨੁਸਾਰ ਡੇਢਾ ਮੁੱਲ ਦੇਣ ਦਾ ਲਿਖਤੀ ਕਾਨੂੰਨ ਨਹੀਂ ਬਣਾਇਆ ਜਾਂਦਾ, ਤਾਂ ਵਪਾਰੀ ਵਰਗ ਦੀ ਲੁੱਟ ਬੇ-ਲਗਾਮ ਹੋ ਜਾਵੇਗੀ ਅਤੇ ਮਹਿੰਗਾਈ ਦੀ ਮਾਰ ਦੇਸ਼ ਦੇ ਆਮ ਨਾਗਰਿਕ ਨੂੰ , ਗਰੀਬੀ ਦੀ ਲਾਲ ਲਕੀਰ ਤੋਂ ਵੀ ਥੱਲੇ ਲੈ ਜਾਵੇਗੀ। ਉਪਰੰਤ ਇਨ੍ਹਾਂ ਲੋਕ-ਮਾਰੂ ਕਾਨੂੰਨਾਂ ਦਾ ਰੋਸ ਪ੍ਰਗਟ ਕਰਦਿਆਂ,¿; ਕਾਨੂੰਨਾਂ ਦੀਆਂ ਕਾਪੀਆਂ, ਲੋਹੜੀ ਦੀ ਧੂਣੀ ਉੱਪਰ ਤਿਲ਼ਾਂ ਸਮੇਤ ਸਾੜੀਆਂ ਗਈਆਂ। ਮੀਟਿੰਗ ਵਿਚ ਹਾਜ਼ਰ ਰਜਿੰਦਰ ਬਰਾੜ, ਸਤਵੰਤ ਵਿਰਕ, ਮਨਜੀਤ ਕੁਲਾਰ ਅਤੇ ਦਿਲਬਾਗ ਕੁਲਾਰ, ਸੁਲੱਖਣ ਗਿੱਲ, ਨੌਰੰਗ ਸਿੰਘ, ਭਾਗ ਸਿੰਘ ਗਿੱਲ, ਮੋਹਲਾ ਸਿੰਘ ਬਰਾੜ ਤੇ ਰਾਜ ਸਿੱਧੂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਤਿੰਨੇ ਕਾਨੂੰਨ ਬਿਨਾਂ ਸ਼ਰਤ ਵਾਪਸ ਲਏ ਜਾਣ ਤਾਂ ਜੋ ਘਰੋਂ ਬੇਘਰ ਹੋਏ ਕਿਸਾਨ/ਮਜ਼ਦੂਰ ਆਪੋ-ਆਪਣੇ ਆਹਲਣਿਆਂ ਵਿਚ ਸੁੱਖੀ-ਸਾਂਦੀ ਵਾਪਸ ਪਰਤਣ।

Share