ਇੰਡੋ-ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਗਦਰੀ ਬਾਬਿਆਂ ਦਾ ਮੇਲਾ 2 ਸਤੰਬਰ ਨੂੰ

ਸਟਾਕਟਨ, 25 ਜੁਲਾਈ (ਪੰਜਾਬ ਮੇਲ)- ਪਿਛਲੇ ਦਿਨੀਂ ਇੰਡੋ-ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਗਦਰ ਪਾਰਟੀ ਦੇ ਸੰਗਰਾਮੀਆਂ ਨੂੰ ਸਮਰਪਿਤ ਮੇਲਾ 2 ਸਤੰਬਰ ਦਿਨ ਐਤਵਾਰ ਐੱਸ.ਈ.ਐੱਸ. ਹਾਲ ਐਲਕ ਗਰੋਵ, ਸੈਕਰਾਮੈਂਟੋ ਵਿਖੇ ਕਰਵਾਇਆ ਜਾਵੇਗਾ। ਇਹ ਮੇਲਾ ਸਿੰਗਾਪੁਰ ਦੀ ਅੰਗਰੇਜ਼ ਵਿਰੋਧੀ ਫੌਜੀ ਬਗਾਵਤ ਅਤੇ ਗਦਰੀ ਰਾਮ ਸਿੰਘ ਧਲੇਤਾ ਨੂੰ ਸਮਰਪਿਤ ਹੋਵੇਗਾ। ਮੇਲੇ ਦੀ ਤਿਆਰੀ ਹਿੱਤ ਸਬ ਕਮੇਟੀਆਂ ਦਾ ਸੰਗਠਨ ਕਰਕੇ ਡਿਊਟੀਆਂ ਦੀ ਵੰਡ ਕੀਤੀ ਗਈ।
ਲੰਗਰ ਦਾ ਪ੍ਰਬੰਧ ਸਚਾਰੂ ਰੂਪ ਵਿਚ ਕਰਨ ਲਈ ਵਰਕਰਾਂ ਦੀ ਡਿਊਟੀ ਲਾਈ ਗਈ। ਫੰਡ-ਇਕੱਤਰ ਕਰਨ ਲਈ ਡਿਊਟੀਆਂ ਦੀ ਵੰਡ ਕੀਤੀ ਤੇ ਕੋਟੇ ਨਿਰਧਾਰਿਤ ਕੀਤੇ ਗਏ। ਕਲਚਰਲ ਪ੍ਰੋਗਰਾਮ ਲਈ ਲੋਕਲ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮੇਲੇ ਦੇ ਆਰੰਭ ਵਿਚ ਡਾਊਨ-ਟਾਊਨ ਦੀ ਸਮਿਟਰੀ ਵਿਖੇ ਪ੍ਰਸਿੱਧ ਗਦਰੀ ਮੌਲਵੀ ਮੁਹੰਮਦ ਬਰਕਤ ਉੱਲਾ ਦੀ ਮਜ਼ਾਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਹਾਲ ਦੇ ਪੰਡਾਲ ਵਿਚ ਗਦਰ ਪਾਰਟੀ ਦਾ ਤਿੰਨ ਰੰਗਾਂ ਦੋ ਕਾਟਵੀਆਂ ਖੜ੍ਹੀਆਂ ਕ੍ਰਿਪਾਨਾਂ ਦਾ ਝੰਡਾ ਝੁਲਾਇਆ ਜਾਵੇਗਾ ਅਤੇ ਮੇਲੇ ਵਿਚ ਭਾਰਤੀ ਉਪਮਹਾਂਦੀਪ ਦੀ ਆਜ਼ਾਦੀ ਦੇ ਪ੍ਰਵਾਨਿਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਵਾਰ ਦੀ ਫੋਟੋ ਪ੍ਰਦਰਸ਼ਨੀ ਜੋ ਆਜ਼ਾਦੀ ਸੰਗਰਾਮ ਅਤੇ ਉਸ ਦੇ ਸ਼ਹੀਦਾਂ ਬਾਰੇ ਹੋਵੇਗੀ, ਇਕ ਵਿਲੱਖਣ ਦ੍ਰਿਸ਼ ਪੇਸ਼ ਕਰੇਗੀ।
ਇਸ ਮੇਲੇ ਵਿਚ ਜਿੱਥੇ ਆਮ ਲੋਕਾਈ ਨੂੰ ਪੁੱਜਣ ਦਾ ਸੁਨੇਹਾ ਦਿੱਤਾ ਗਿਆ, ਉਥੇ ਭਰਾਤਰੀ ਜਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ।