ਇੰਗਲੈਂਡ ਵਿਚ ਹਰ 85 ਵਿਅਕਤੀਆਂ ਵਿਚੋਂ ਇਕ ਵਿਚ ਨਵਾਂ ਵਾਇਰਸ ਮਿਲਿਆ

109
Share

ਲੰਡਨ, 26 ਦਸੰਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਇਕ ਨਵੇਂ ਸਟ੍ਰੇਨ ਦਾ ਘਾਤਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਕੱਲੇ ਇੰਗਲੈਂਡ ਵਿਚ ਹਰ 85 ਵਿਅਕਤੀਆਂ ਵਿਚੋਂ ਇਕ ਵਿਚ ਇਹ ਨਵਾਂ ਵਾਇਰਸ ਮਿਲਿਆ ਹੈ। ਇਹ ਹੀ ਕਾਰਨ ਹੈ ਕਿ ਸ਼ੁੱਕਰਵਾਰ ਨੂੰ ਪੂਰੇ ਬ੍ਰਿਟੇਨ ਵਿਚ ਲੱਖਾਂ ਲੋਕਾਂ ਨੇ ਦੋਸਤਾਂ ਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਕ੍ਰਿਸਮਸ ਸਾਦੇ ਢੰਗ ਨਾਲ ਮਨਾਈ। ਰਾਸ਼ਟਰੀ ਸਿਹਤ ਸੇਵਾ ਦੇ ਟੈਸਟ ਐਂਡ ਟਰੇਸ ਨੈੱਟਵਰਕ ਦੇ ਅੰਕੜਿਆਂ ਮੁਤਾਬਕ 10 ਤੋਂ 16 ਦਸੰਬਰ ਵਿਚਕਾਰ 1,73,875 ਲੋਕਾਂ ਨੂੰ ਸੰਕ੍ਰਮਿਤ ਪਾਇਆ ਗਿਆ, ਜੋ ਕਿਸੇ ਹੋਰ ਹਫ਼ਤੇ ਨਾਲੋਂ ਸਭ ਤੋਂ ਵੱਧ ਅੰਕੜਾ ਹੈ। ਇਸੇ ਕਾਰਨ ਬ੍ਰਿਟੇਨ ਦੇ ਵਧੇਰੇ ਹਿੱਸਿਆਂ ਵਿਚ ਸਖ਼ਤ ਤਾਲਾਬੰਦੀ ਹੈ। ਲੰਡਨ ਅਤੇ ਨੇੜਲੇ ਖੇਤਰਾਂ ਵਿਚ ਟੀਅਰ 4 ਪੱਧਰ ਦੀ ਲਗਭਗ ਪੂਰੀ ਤਾਲਾਬੰਦੀ ਲਗਾਈ ਗਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਅਲਰਟ ਕੀਤਾ ਹੈ ਕਿ ਨਵੇਂ ਸਾਲ ਵਿਚ ਕੋਰੋਨਾ ਦੇ ਨਵੇਂ ਪ੍ਰਕਾਰ ਦੇ ਵਾਇਰਸ ਦੇ ਕੰਟਰੋਲ ਤੋਂ ਬਾਹਰ ਹੋਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਦੀ ਜ਼ਰੂਰਤ ਹੋ ਸਕਦੀ ਹੈ।


Share