ਇੰਗਲੈਂਡ ਨੇ ਭਾਰਤ ਨੂੰ ਚੌਥੇ ਟੈਸਟ ‘ਚ ਹਰਾ ਸੀਰੀਜ਼ ‘ਤੇ ਕੀਤਾ ਕਬਜ਼ਾ

ਲੰਡਨ, 3 ਸਤੰਬਰ (ਪੰਜਾਬ ਮੇਲ)- ਸਾਊਥੈਂਪਟਨ ਵਿੱਚ ਖੇਡੇ ਗਏ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੁਕਾਬਲੇ ਵਿੱਚ ਇੰਗਲੈਂਡ ਨੇ ਭਾਰਤ ਨੂੰ 60 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਆਪਣੀ ਦੂਜੀ ਪਾਰੀ ਵਿੱਚ 245 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਤੋਂ ਅਸਮਰੱਥ ਰਿਹਾ ਅਤੇ ਪੂਰੀ ਟੀਮ 184 ਦੌੜਾਂ ਬਣਾ ਕੇ ਢੇਰ ਹੋ ਗਈ। ਇਹ ਭਾਰਤ ਨੇ ਇੰਗਲੈਂਡ ਵਿੱਚ ਲਗਾਤਾਰ ਤੀਜੀ ਟੈਸਟ ਲੜੀ ਗੁਆਈ ਹੈ। ਐਤਵਾਰ ਨੂੰ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰੀ 271 ਦੌੜਾਂ ਉੱਤੇ ਸਿਮਟ ਗਈ ਸੀ ਅਤੇ ਭਾਰਤ ਨੂੰ ਜਿੱਤ ਲਈ 245 ਦੌੜਾਂ ਦਾ ਟੀਚਾ ਮਿਲਿਆ ਸੀ। ਹਾਲਾਂਕਿ, ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 58 ਅਤੇ ਅਜਿੰਕਿਆ ਰਹਾਣੇ ਨੇ 51 ਦੌੜਾਂ ਦਾ ਯੋਗਦਾਨ ਦਿੱਤਾ, ਪਰ ਹੋਰ ਬੱਲੇਬਾਜ਼ ਖ਼ਾਸ ਕਮਾਲ ਨਹੀਂ ਦਿਖਾ ਸਕੇ। ਇਸ ਤੋਂ ਪਹਿਲਾਂ ਭਾਰਤ ਨੇ 22 ਦੇ ਸਕੋਰ ’ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 17, ਲੋਕੇਸ਼ ਰਾਹੁਲ ਨੇ ਸਿਫ਼ਰ ਤੇ ਚੇਤੇਸ਼ਵਰ ਪੁਜਾਰਾ ਨੇ 5 ਦੌੜਾਂ ਦਾ ਹੀ ਬਣਾ ਸਕੇ। ਮੈਚ ਵਿੱਚ ਕੋਹਲੀ ਤੇ ਰਹਾਣੇ ਦੀ 101 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਵੀ ਭਾਰਤੀ ਬੱਲੇਬਾਜ਼ੀ ਲੜਖੜਾ ਗਈ। ਇੰਗਲੈਂਡ ਵੱਲੋਂ ਮੋਈਨ ਅਲੀ ਨੇ 71 ਦੌੜਾਂ ਦੇ ਕੇ ਭਾਰਤ ਦੇ ਚਾਰ ਖਿਡਾਰੀ ਆਊਟ ਕੀਤੇ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਤੇ ਜਸਪ੍ਰੀਤ ਬੁਮਰਾਹ ਨੇ 51 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਆਖ਼ਰੀ ਤੇ ਪੰਜਵਾਂ ਟੈਸਟ ਮੈਚ 9 ਸਤੰਬਰ ਨੂੰ ਓਵਲ ਵਿੱਚ ਖੇਡਿਆ ਜਾਣਾ ਹੈ।