ਇੰਗਲੈਂਡ ‘ਚ 2 ਦਸੰਬਰ ਤੱਕ ਲਈ ਮੁੜ ਤਾਲਾਬੰਦੀ ਸ਼ੁਰੂ

249
Share

ਲੰਡਨ, 5 ਨਵੰਬਰ (ਪੰਜਾਬ ਮੇਲ)-ਇੰਗਲੈਂਡ ‘ਚ 4 ਹਫਤਿਆਂ ਲਈ 2 ਦਸੰਬਰ ਤੱਕ ਲਈ ਮੁੜ ਤਾਲਾਬੰਦੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸਿਹਤ ਮਾਹਿਰਾਂ ਵਲੋਂ ਦਿੱਤੇ ਗਏ ਮਸ਼ਵਰੇ ਤੋਂ ਬਾਅਦ ਅਤੇ ਕੋਰੋਨਾ ਦੀ ਦੂਜੀ ਲਹਿਰ ਦੇ ਹਮਲੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਆਈਆਂ ਰਿਪੋਰਟਾਂ ਤੋਂ ਬਾਅਦ 5 ਨਵੰਬਰ ਤੋਂ 2 ਦਸੰਬਰ ਤੱਕ ਰਾਸ਼ਟਰੀ ਤਾਲਾਬੰਦੀ ਦਾ ਐਲਾਨ ਕੀਤਾ ਸੀ, ਜਿਸ ਤਹਿਤ ਰੈਸਟੋਰੈਂਟ, ਪੱਬ, ਜਿੰਮ ਅਤੇ ਹੋਰ ਗੈਰ-ਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਇਥੇ ਹੀ ਬਸ ਨਹੀਂ, ਧਾਰਮਿਕ ਅਸਥਾਨਾਂ ‘ਚ ਵੀ ਨਿੱਜੀ ਪ੍ਰਾਰਥਨਾਵਾਂ, ਅੰਤਿਮ ਅਰਦਾਸਾਂ ਅਤੇ ਵਿਆਹ ਸਮਾਗਮਾਂ ਵੀ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਗੇ। ਲਾਗੂ ਹੋਏ ਸਰਕਾਰ ਦੇ ਨਵੇਂ ਨਿਰਦੇਸ਼ਾਂ ਤਹਿਤ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਘਰ ਤੋਂ ਬਾਹਰ ਸਿਰਫ ਦੋ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੋਵੇਗੀ, ਇਕ ਦੂਜੇ ਦੇ ਘਰ ਜਾਣ ਆਉਣ ‘ਤੇ ਪਾਬੰਦੀ ਲਗਾਈ ਗਈ ਹੈ। ਰਾਸ਼ਟਰੀ ਤਾਲਾਬੰਦੀ ਨੂੰ ਲੈ ਕੇ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਧਾਰਮਿਕ ਅਸਥਾਨਾਂ ‘ਤੇ ਵੀ ਸਮੂਹਿਕ ਪ੍ਰਾਰਥਨਾਵਾਂ ‘ਤੇ ਪਾਬੰਦੀ ਲਗਾਈ ਗਈ ਹੈ।
ਤਾਲਾਬੰਦੀ ਤੋਂ ਪਹਿਲਾਂ ਸ਼ਾਪਿੰਗ ਸੈਂਟਰਾਂ ਅੱਗੇ ਲੱਗੀਆਂ ਲਾਈਨਾਂ
ਇੰਗਲੈਂਡ ‘ਚ 5 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਤਾਲਾਬੰਦੀ ਤੋਂ ਪਹਿਲਾਂ ਸ਼ਾਪਿੰਗ ਸੈਂਟਰਾਂ ਸਾਹਮਣੇ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਇਕ ਵਾਰ ਫਿਰ ਲੋਕਾਂ ਵੱਲੋਂ ਜ਼ਰੂਰੀ ਸਾਮਾਨ ਦੀ ਵੱਡੀ ਗਿਣਤੀ ‘ਚ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ। ਖਾਣ-ਪੀਣ ਵਾਲੀਆਂ ਦੁਕਾਨਾਂ ਵੱਲੋਂ ਲੋਕਾਂ ਨੂੰ ਸੀਮਤ ਗਿਣਤੀ ‘ਚ ਲੋੜ ਅਨੁਸਾਰ ਹੀ ਸਾਮਾਨ ਖਰੀਦਣ ਲਈ ਕਿਹਾ ਜਾ ਰਿਹਾ ਹੈ। ਵੱਡੇ ਸਟੋਰਾਂ ਵੱਲੋਂ ਲੋਕਾਂ ਨੂੰ ਜ਼ਰੂਰੀ ਸਾਮਾਨ ਲੈਣ ਲਈ ਇਕ ਹੱਦ ਨਿਰਧਾਰਤਿ ਕਰ ਦਿੱਤੀ ਗਈ ਹੈ ਤਾਂ ਕਿ ਹਰ ਲੋੜਵੰਦਾਂ ਨੂੰ ਸਾਮਾਨ ਮਿਲ ਸਕੇ।


Share