ਇੰਗਲੈਂਡ ‘ਚ ਤਨਮਨਜੀਤ ਢੇਸੀ ਸੁਰੱਖਿਆ ਕਮੇਟੀ ਦੇ ਪਹਿਲੇ ਪਗੜੀਧਾਰੀ ਮੈਂਬਰ ਬਣੇ

425
Share

ਜਲੰਧਰ, 4 ਮਾਰਚ (ਪੰਜਾਬ ਮੇਲ)- ਇੰਗਲੈਂਡ ਦੇ ਪਹਿਲੇ ਪਗੜੀਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਪਾਰਲੀਮੈਂਟ ਦੀ ਸੁਰੱਖਿਆ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇੰਗਲੈਂਡ ਦੀ ਸੁਰੱਖਿਆ ਕਮੇਟੀ ‘ਚ ਉਹ ਏਸ਼ਿਆਈ ਦੇਸ਼ਾਂ ਦੀਆਂ ਘੱਟ ਗਿਣਤੀਆਂ ਵਿਚੋਂ ਪਹਿਲੇ ਸਿੱਖ ਹਨ, ਜਿਨ੍ਹਾਂ ਨੂੰ ਮੈਂਬਰ ਲਿਆ ਗਿਆ ਹੈ। ਤਨਮਨਜੀਤ ਸਿੰਘ ਢੇਸੀ ਦਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਰਾਏਪੁਰ ਪਿੰਡ ਦਾ ਰਹਿਣ ਵਾਲਾ ਹੈ।
ਗੱਲਬਾਤ ਦੌਰਾਨ ਸ਼੍ਰੀ ਢੇਸੀ ਨੇ ਆਖਿਆ ਕਿ ਉਨ੍ਹਾਂ ਨੂੰ ਇੰਗਲੈਂਡ ਦੀ ਸੁਰੱਖਿਆ ਕਮੇਟੀ ਵਿਚ ਪਹਿਲੇ ਏਸ਼ੀਆਈ ਸਿੱਖ ਹੋਣ ਦਾ ਮਾਣ ਹਾਸਲ ਹੋਇਆ ਹੈ। ਸੁਰੱਖਿਆ ਕਮੇਟੀ ਪਾਰਲੀਮੈਂਟ ਦੀਆਂ ਅਹਿਮ ਕਮੇਟੀਆਂ ਵਿਚੋਂ ਇਕ ਹੈ। ਇਸ ਕਮੇਟੀ ਦਾ ਕੰਮ ਸਰਕਾਰ ‘ਤੇ ਨਜ਼ਰ ਰੱਖਣਾ ਹੁੰਦਾ ਹੈ ਕਿ ਉਹ ਸੁਰੱਖਿਆ ਦੇ ਮਾਮਲੇ ‘ਚ ਕਿਧਰੇ ਵੀ ਕੁਤਾਹੀ ਨਾ ਵਰਤੇ।
ਤਨਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਇੰਗਲੈਂਡ ਦੇ ਲੋਕਾਂ ਨੇ ਪਹਿਲਾਂ ਵੀ ਉਨ੍ਹਾਂ ਦੀ ਸਲੋਅ ਹਲਕੇ ਤੋਂ ਚੋਣ ਕਰ ਕੇ ਇਤਿਹਾਸ ਸਿਰਜਿਆ ਸੀ। ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਉਹ ਘੱਟ ਗਿਣਤੀਆਂ ਬਾਰੇ ਅਤੇ ਨਸਲੀ ਟਿੱਪਣੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਸੁਰੱਖਿਆ ਕਮੇਟੀ ਦਾ ਮੈਂਬਰ ਬਣ ਕੇ ਉਨ੍ਹਾਂ ਨੂੰ ਹੋਰ ਮਾਣ ਮਹਿਸੂਸ ਹੋ ਰਿਹਾ ਹੈ।


Share