ਇਸ ਮਹੀਨੇ ਭਾਰਤ ‘ਚ ਰੂਸੀ ਕੋਰੋਨਾ ਵੈਕਸੀਨ ਦੇ ਆਖਰੀ ਪੜਾਅ ਦਾ ਟ੍ਰਾਇਲ ਹੋਵੇਗਾ ਸ਼ੁਰੂ

138
Share

ਮਾਸਕੋ, 8 ਸਤੰਬਰ (ਪੰਜਾਬ ਮੇਲ)- ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ-ਵੀ ਦੇ ਆਖ਼ਰੀ ਪੜਾਅ ਦਾ ਕਲੀਨਿਕਲ ਟ੍ਰਾਇਲ ਇਸ ਮਹੀਨੇ ਤੋਂ ਭਾਰਤ ‘ਚ ਸ਼ੁਰੂ ਹੋਵੇਗਾ। ਵੈਕਸੀਨ ਬਣਾਉਣ ਲਈ ਫੰਡ ਉਪਲੱਬਧ ਕਰਾਉਣ ਵਾਲੀ ਏਜੰਸੀ ਰਸ਼ੀਅਨ ਡਾਇਰੈਕਟ ਇਨਵੈਸਟ ਫੰਡ (ਆਰ.ਡੀ.ਆਈ.ਐੱਫ.) ਦੇ ਸੀ.ਈ.ਓ. ਕਿਰਿਲ ਦਿਮਿਤਰਿਜ ਨੇ ਕਿਹਾ ਕਿ ਇਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਭਾਰਤ ਸਮੇਤ ਯੂ.ਏ.ਈ., ਸਾਊਦੀ ਅਰਬ, ਫਿਲੀਪੀਨਜ਼ ਅਤੇ ਬ੍ਰਾਜ਼ੀਲ ‘ਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਤੀਜੇ ਪੜਾਅ ਦੇ ਟ੍ਰਾਇਲ ਦੇ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ 2020 ‘ਚ ਪ੍ਰਕਾਸ਼ਿਤ ਕੀਤੇ ਜਾਣਗੇ। ਦੱਸ ਦੇਈਏ ਕਿ ਇਸ ਵੈਕਸੀਨ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ। ਇਸ ਵੈਕਸੀਨ ਨੂੰ ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਨਾਲ ਮਿਲ ਕੇ ਏਡੇਨੋਵਾਇਸ ਦਾ ਬੇਸ ਬਣਾ ਕੇ ਤਿਆਰ ਕੀਤਾ ਹੈ।
ਰੂਸ ਦੀ ਵੈਕਸੀਨ ਸਰਦੀ ਜ਼ੁਕਾਮ ਪੈਦਾ ਕਰਣ ਵਾਲੇ adenovirus ‘ਤੇ ਆਧਾਰਿਤ ਹੈ। ਇਸ ਵੈਕਸੀਨ ਨੂੰ ਆਰਟੀਫਿਸ਼ਲ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਕੋਰੋਨਾਵਾਇਰਸ SARS-CoV-2 ‘ਚ ਪਾਏ ਜਾਣ ਵਾਲੇ ਸਟਰਕਚਰਲ ਪ੍ਰੋਟੀਨ ਦੀ ਨਕਲ ਕਰਦੀ ਹੈ, ਜਿਸ ਨਾਲ ਸਰੀਰ ਵਿਚ ਠੀਕ ਉਹੋ ਜਿਹਾ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ, ਜੋ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਪੈਦਾ ਹੁੰਦਾ ਹੈ। ਯਾਨੀ ਕਿ ਇਕ ਤਰੀਕੇ ਨਾਲ ਇਨਸਾਨ ਦਾ ਸਰੀਰ ਠੀਕ ਉਸੇ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ ਹੈ, ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਉਹ ਕੋਰੋਨਾਵਾਇਰਸ ਇਨਫੈਕਸ਼ਨ ਹੋਣ ‘ਤੇ ਦਿੰਦਾ ਹੈ ਪਰ ਇਸ ਵਿਚ ਉਸ ਨੂੰ ਕੋਵਿਡ-19 ਦੇ ਜਾਨਲੇਵਾ ਨਤੀਜੇ ਨਹੀਂ ਭੁਗਤਣੇ ਪੈਂਦੇ ਹਨ। ਮਾਸਕੋ ਦੀ ਸੇਸ਼ੇਨੌਵ ਯੂਨੀਵਰਸਿਟੀ ‘ਚ 18 ਜੂਨ ਤੋਂ ਕਲੀਨਿਕਲ ਟ੍ਰਾਇਲ ਸ਼ੁਰੂ ਹੋਏ ਸਨ। 38 ਲੋਕਾਂ ‘ਤੇ ਕੀਤੇ ਗਏ ਅਧਿਐਨ ‘ਚ ਇਹ ਵੈਕਸੀਨ ਸੁਰੱਖਿਅਤ ਪਾਈ ਗਈ ਹੈ। ਸਾਰੇ ਵਾਲੰਟੀਅਰਾਂ ‘ਚ ਵਾਇਰਸ  ਦੇ ਖ਼ਿਲਾਫ ਇਮਿਊਨਿਟੀ ਵੀ ਪਾਈ ਗਈ ਹੈ।
ਇਸ ਵੈਕਸੀਨ ਨੂੰ ਨਾਮ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ, ਜਿਸ ਨੂੰ ਰੂਸੀ ਪੁਲਾੜ ਏਜੰਸੀ ਨੇ 1957 ਵਿਚ ਲਾਂਚ ਕੀਤਾ ਸੀ।


Share