ਇਲੀਨੋਇਸ ’ਚ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਬਣੇਗਾ ਪਹਿਲਾ ਪੁਲਿਸ ਮੁਖੀ

178
Share

– 12 ਜੁਲਾਈ ਨੂੰ ਰਸਮੀ ਤੌਰ ’ਤੇ ਸੰਭਾਲਣਗੇ ਪੁਲਿਸ ਮੁਖੀ ਦਾ ਅਹੁਦਾ
ਵਾਸ਼ਿੰਗਟਨ, 4 ਜੁਲਾਈ (ਪੰਜਾਬ ਮੇਲ)- ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਮਾਈਕਲ ਕੁਰੂਵਿਲਾ ਅਮਰੀਕਾ ’ਚ ਇਲੀਨੋਇਸ ਸੂਬੇ ਦੇ ਸ਼ਹਿਰ ਬਰੂਕਫੀਲਡ ’ਚ ਪਹਿਲੇ ਭਾਰਤੀ ਮੂਲ ਦੇ ਪੁਲਸ ਮੁਖੀ ਬਣਨ ਜਾ ਰਹੇ ਹਨ। ਅਮਰੀਕਾ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਲਈ ਇਹ ਇਕ ਵੱਡੀ ਉਪਲਬੱਧੀ ਹੈ ਅਤੇ ਉਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਮਾਈਕਲ ਕੁਰੂਵਿਲਾ ਮੂਲ ਰੂਪ ਨਾਲ ਭਾਰਤ ਦੇ ਕੇਰਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਕੇਰਲ ਵਿਚ ਰਹਿੰਦਾ ਹੈ। ਬਰੂਕਫੀਲਡ ਪੁਲਿਸ ਚੀਫ ਬਣਾਉਣ ਲਈ ਕੁਰੂਵਿਲਾ ਦੇ ਨਾਮ ਨੂੰ ਪ੍ਰਵਾਨਗੀ ਬਰੂਕਫੀਲਡ ਵੀਲੇਜ ਮੈਨੇਜਰ ਟਿਮੋਥੀ ਵਿਬਰਗ ਨੇ ਦਿੱਤੀ ਸੀ ਅਤੇ ਹੁਣ 12 ਜੁਲਾਈ ਨੂੰ ਮਾਈਕਲ ਕੁਰੂਵਿਲਾ ਰਸਮੀ ਤੌਰ ’ਤੇ ਪੁਲਿਸ ਮੁਖੀ ਦਾ ਅਹੁਦਾ ਸੰਭਾਲਣਗੇ।
ਬਰੂਕਫੀਲਡ ਦੇ ਮੌਜੂਦਾ ਪੁਲਿਸ ਚੀਫ ਪੈਟਰਕ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ‘ਮਾਈਕਲ ਕੁਰੂਵਿਲਾ ਵਿਚ ਮੁਖੀ ਦਾ ਅਹੁਦਾ ਸੰਭਾਲਣ ਲਈ ਹਰ ਤਰ੍ਹਾਂ ਦੇ ਗੁਣ ਹਨ। ਉਨ੍ਹਾਂ ਕੋਲ 15 ਸਾਲ ਤੱਕ ਪੁਲਿਸ ਮਹਿਕਮੇ ਦਾ ਕੰਮਕਾਜ ਸੰਭਾਲਣ ਦਾ ਤਜ਼ਰਬਾ ਹੈ, ਜਿਸ ਵਿਚ ਉਹ ਹਰ ਪੱਧਰ ’ਤੇ ਸਫ਼ਲ ਰਹੇ ਹਨ। ਉਹ ਪੁਲਿਸ ਚੀਫ ਦੀ ਜ਼ਿੰਮੇਦਾਰੀ ਸੰਭਾਲਣ ਲਈ ਤਿਆਰ ਹਨ।’ ਮੌਜੂਦਾ ਸਮੇਂ ’ਚ ਬਰੂਕਫੀਲਡ ਪੁਲਿਸ ’ਚ ਡਿਪਟੀ ਚੀਫ ਦੇ ਅਹੁਦੇ ’ਤੇ ਤਾਇਨਾਤ ਕੁਰੂਵਿਲਾ 37 ਸਾਲ ਦੇ ਹਨ ਅਤੇ 2006 ’ਚ ਬਰੂਕਫੀਲਡ ਪੁਲਿਸ ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸਨ। 2006 ’ਚ ਸ਼ਿਕਾਗੋ ’ਚ ਇਲੀਨੋਇਸ ਯੂਨੀਵਰਸਿਟੀ ਤੋਂ ਸਿਵਲ ਵਰਕ ’ਚ ਮਾਸਟਰ ਡਿਗਰੀ ਪੂਰੀ ਕਰਨ ਦੇ ਤੁਰੰਤ ਬਾਅਦ ਪੁਲਿਸ ਵਿਭਾਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕੁਰੂਵਿਲਾ ਨੇ ਪੁਲਿਸ ਵਿਭਾਗ ਨਾਲ ਮਿਲ ਕੇ ਇਕ ਸਿਵੀਲੀਅਨ ਕ੍ਰਾਈਸਿਸ ਵਰਕਰ ਦੇ ਰੂਪ ਵਿਚ ਕੰਮ ਕੀਤਾ।
ਬਰੂਕਫੀਲਡ ਪੁਲਿਸ ਚੀਫ ਦੇ ਅਹੁਦੇ ਲਈ ਚੁਣੇ ਜਾਣ ਦੇ ਬਾਅਦ ਮਾਈਕਲ ਕੁਰੂਵਿਲਾ ਨੇ ਕਿਹਾ ਕਿ ਇਕ ਅਪ੍ਰਵਾਸੀ ਪਰਵਿਾਰ ਦਾ ਹੋਣ ਦੇ ਬਾਅਦ ਪੁਲਿਸ ਮਹਿਕਮੇ ਲਈ ਕੰਮ ਕਰਨਾ ਅਤੇ ਇੰਨੀ ਵੱਡੀ ਜ਼ਿੰਮੇਦਾਰੀ ਵਾਲੇ ਅਹੁਦੇ ’ਤੇ ਪਹੁੰਚਣਾ ਆਸਾਨ ਨਹੀਂ ਸੀ। ਮੈਂ ਕਾਨੂੰਨ ਵਿਭਾਗ ਵਿਚ ਕਿਸੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਕਿਹਾ, ‘ਮੈਂ ਪੁਲਿਸ ਮਹਿਕਮੇ ਵਿਚ ਸ਼ਾਮਲ ਹੋ ਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਬਰੂਕਫੀਲਡ ਵਿਚ ਪੁਲਿਸ ਚੀਫ ਬਣ ਜਾਵਾਂਗਾ।’ ਉਨ੍ਹਾਂ ਕਿਹਾ ਕਿ ‘ਮੈਂ ਹੌਲੀ-ਹੌਲੀ ਮਹਿਸੂਸ ਕੀਤਾ ਕਿ ਕਿਸੇ ਨੂੰ ਨਾ ਜਾਣਨ ਦੇ ਬਾਅਦ ਵੀ ਮੇਰਾ ਇਸ ਕੰਮ ਵਿਚ ਕਾਫੀ ਜਨੂੰਨ ਹੈ ਅਤੇ ਇਸ ਲਈ ਮੈਨੂੰ ਇਹ ਕਾਮਯਾਬੀ ਮਿਲੀ ਹੈ।’

Share