ਇਲਾਹਾਬਾਦ ਵਿਚ ਸੇਵਾਮੁਕਤ ਸਬ ਇੰਸਪੈਕਟਰ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰਿਆ

ਇਲਾਹਾਬਾਦ, 4 ਸਤੰਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਕਤਲ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨੀ ਵਿਵਾਦ ਕਾਰਨ ਇਕ ਸੇਵਾਮੁਕਤ ਸਬ ਇੰਸਪੈਕਟਰ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਹ ਪੂਰੀ ਵਾਰਦਾਤ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਹਾਲਾਂਕਿ ਅਜੇ ਕੋਈ ਵੀ ਮੁਲਜ਼ਮ ਪੁਲਿਸ ਹੱਥ ਨਹੀਂ ਲੱਗਿਆ ਹੈ।
ਮਾਮਲਾ ਇਲਾਹਾਬਾਦ ਦੇ ਸ਼ਿਵ ਕੁਟੀ ਇਲਾਕੇ ਦਾ ਹੈ, ਜਿਥੇ ਯੂ.ਪੀ. ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਅਬਦੁਲ ਸਮਦ ਦਾ ਇਕ ਹਿਸਟਰੀਸ਼ੀਟਰ ਨਾਲ ਮਕਾਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸੋਮਵਾਰ ਨੂੰ ਸਾਬਕਾ ਐੱਸ.ਆਈ. ਆਪਣੇ ਘਰੋਂ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਹਿਸਟਰੀਸ਼ੀਟਰ ਆਪਣੇ ਬਦਮਾਸ਼ ਸਾਥੀਆਂ ਨਾਲ ਉਥੇ ਪਹੁੰਚਿਆ ਅਤੇ ਡਾਂਗਾਂ ਨਾਲ ਅਬਦੁਲ ਸਮਦ ‘ਤੇ ਹਮਲਾ ਕਰ ਦਿੱਤਾ।
ਬਦਮਾਸ਼ਾਂ ਨੇ ਉਸ ਨੂੰ ਸੜਕ ‘ਤੇ ਕੁੱਟਿਆ ਤੇ ਅੱਧਮਰਿਆ ਛੱਡ ਕੇ ਉਥੋਂ ਫਰਾਰ ਹੋ ਗਏ। ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਤਿੰਨ ਲੋਕ ਇਕ ਬਜ਼ੁਰਗ ‘ਤੇ ਲਗਾਤਾਰ ਡਾਂਗਾਂ ਨਾਲ ਹਮਲਾ ਕਰ ਰਹੇ ਹਨ। ਉਸ ‘ਤੇ ਹਮਲਾ ਕਰਨ ਵਾਲੇ ਹਿਸਟਰੀਸ਼ੀਟਰ ਦਾ ਨਾਂ ਜੁਨੈਦ ਹੈ।
ਕੈਮਰੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ ਬਜ਼ੁਰਗ ‘ਤੇ ਲਗਾਤਾਰ ਵਾਰ ਕਰ ਰਹੇ ਹਨ ਅਤੇ ਫਿਰ ਜ਼ਖਮੀ ਹਾਲਤ ਵਿਚ ਬਜ਼ੁਰਗ ਨੂੰ ਉਥੇ ਹੀ ਛੱਡ ਕੇ ਭੱਜ ਜਾਂਦੇ ਹਨ। ਐੱਸ.ਪੀ. ਸਿਟੀ ਬ੍ਰਜੇਸ਼ ਸ਼੍ਰੀਵਾਸਤਵ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਓਧਰ ਇਲਾਹਾਬਾਦ ਹਾਈਕੋਰਟ ਨੇ ਇਸ ਮਾਮਲੇ ‘ਤੇ ਖੁਦ ਨੋਟਿਸ ਲੈਂਦਿਆਂ ਪੁਲਿਸ ਅਤੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਆਖਿਰ ਇਸ ਮਾਮਲੇ ਵਿਚ ਮੁਲਜ਼ਮਾਂ ਵਿਰੁੱਧ ਕੀ ਕਾਰਵਾਈ ਹੋਈ ਹੈ ਤੇ ਮੁਲਜ਼ਮ ਕਦੋਂ ਤੱਕ ਫੜੇ ਜਾਣਗੇ।