ਇਰਾਕ ਯੁੱਧ ਦੇ ਹੀਰੋ ਐਲਵਿਨ ਕੈਸ਼ ‘ਮੈਡਲ ਆਫ਼ ਆਨਰ’ ਦੇ ਹੱਕਦਾਰ ਹੋਣ ਦੇ ਨਜ਼ਦੀਕ

427
Share

ਫਰਿਜ਼ਨੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਯੂ.ਐੱਸ. ਫੌਜ ਦੇ ਇੱਕ ਬਹਾਦਰ ਸਾਰਜੈਂਟ ਜੋ ਕਿ ਇਰਾਕ ਵਿਚ ਲੜਾਈ ਦੌਰਾਨ ਆਪਣੀ ਜਾਨ ਗਵਾ ਬੈਠੇ ਸਨ, ਆਪਣੀਆਂ ਕਾਰਵਾਈਆਂ ਕਾਰਨ ਮੈਡਲ ਆਫ ਆਨਰ ਪ੍ਰਾਪਤ ਕਰਨ ਦੇ ਨਜ਼ਦੀਕ ਹਨ। ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਬਲੈਕ ਸਰਵਿਸ ਮੈਂਬਰ ਹੋਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਕਾਨੂੰਨ ‘ਤੇ ਹਸਤਾਖਰ ਕੀਤੇ, ਜੋ ਸਾਰਜੈਂਟ ਐਲਵਿਨ ਕੈਸ਼ ਨੂੰ ਲੜਾਈ ਵਿਚ ਬਹਾਦਰੀ ਲਈ ਫੌਜ ਦੇ ਸਰਵਉੱਚ ਤਮਗੇ ਨਾਲ ਸਨਮਾਨਤ ਕਰਨ ਲਈ ਪੰਜ ਸਾਲ ਦੀ ਸੀਮਾ ਮੁਆਫ ਕਰਦੇ ਹਨ। ਇਹ ਬਹਾਦਰ 35 ਸਾਲਾ ਕੈਸ਼ ਇਰਾਕ ਦੇ ਸਮਾਰਾ ਵਿਖੇ 17 ਅਕਤੂਬਰ 2005 ਨੂੰ ਗਸ਼ਤ ਕਰ ਰਿਹਾ ਸੀ, ਉਸ ਦੌਰਾਨ ਉਨ੍ਹਾਂ ਦੇ ਵਾਹਨ ਦੇ ਨਜ਼ਦੀਕ ਬੰਬ ਧਮਾਕਾ ਹੋਇਆ, ਜਿਸ ਨਾਲ ਵਾਹਨ ਨੂੰ ਅੱਗ ਲੱਗ ਗਈ ਅਤੇ ਥੋੜ੍ਹਾ ਜ਼ਖਮੀ ਹੋਇਆ ਕੈਸ਼ ਗੰਨਰ ਦੇ ਬਾਹਰ ਨਿਕਲਿਆ, ਜਦਕਿ ਛੇ ਸਿਪਾਹੀ ਅੱਗ ਦੀਆਂ ਲਪਟਾਂ ਨਾਲ ਗੱਡੀ ਅੰਦਰ ਫਸ ਗਏ ਸਨ। ਇਸ ਦੌਰਾਨ ਤੇਲ ਨਾਲ ਭਿੱਜੀ ਹੋਈ ਵਰਦੀ ਨਾਲ ਕੈਸ਼ ਨੇ ਸੈਨਿਕਾਂ ਨੂੰ ਵਾਹਨ ਤੋਂ ਬਾਹਰ ਕੱਢਿਆ, ਜਦਕਿ ਉਹ ਖੁਦ 70 ਫੀਸਦੀ ਤੋਂ ਵੱਧ ਅੱਗ ਨਾਲ ਝੁਲਸ ਗਿਆ ਸੀ। ਫਲੋਰੀਡਾ ਵਾਸੀ ਸਾਰਜੈਂਟ ਕੈਸ਼ ਦੀ 8 ਨਵੰਬਰ, 2005 ਨੂੰ ਸਾਨ ਐਂਟੋਨੀਓ, ਟੈਕਸਸ ਦੇ ਇੱਕ ਮਿਲਟਰੀ ਹਸਪਤਾਲ ਵਿਚ ਮੌਤ ਹੋ ਗਈ ਸੀ। ਕੈਸ਼ ਨੂੰ ਉਸਦੀ ਬਹਾਦਰੀ ਲਈ ਸਿਲਵਰ ਸਟਾਰ ਦਿੱਤਾ ਗਿਆ ਸੀ ਪਰ ਉਸਦੇ ਪਰਿਵਾਰ ਅਤੇ ਕੁਝ ਸਾਬਕਾ ਕਮਾਂਡਰਾਂ ਨੇ ਉਸਨੂੰ ਮੈਡਲ ਆਫ਼ ਆਨਰ ਨਾਲ ਮਾਨਤਾ ਦੇਣ ਲਈ ਸਾਲਾਂ ਤੋਂ ਮੁਹਿੰਮ ਚਲਾਈ ਗਈ ਸੀ ਅਤੇ ਲਗਭਗ 15 ਸਾਲ ਬਾਅਦ ਹੁਣ ਉਹ ਪਲ ਆਇਆ ਹੈ, ਜਿਸ ਦਾ ਕੈਸ਼ ਦੇ ਪਰਿਵਾਰ ਨੇ ਇੰਤਜ਼ਾਰ ਕੀਤਾ ਹੈ। ਰਾਸ਼ਟਰਪਤੀ ਕੋਲ ਮੈਡਲ ਆਫ਼ ਆਨਰ ਦੇਣ ਦਾ ਪੂਰਾ ਅਧਿਕਾਰ ਹੈ, ਪਰ ਇਸ ਕਦਮ ਨੂੰ ਪੈਂਟਾਗਨ ਦਾ ਸਮਰਥਨ ਵੀ ਪ੍ਰਾਪਤ ਹੋਇਆ ਹੈ।


Share