ਇਰਾਕ ‘ਚ ਤਾਇਨਾਤ 3,500 ਫ਼ੌਜੀਆਂ ਨੂੰ ਹਟਾਏਗਾ ਅਮਰੀਕਾ

526
Share

ਬਗਦਾਦ, 29 ਅਗਸਤ (ਪੰਜਾਬ ਮੇਲ)- ਅਮਰੀਕਾ ਇਰਾਕ ‘ਚ ਤਾਇਨਾਤ 3,500 ਫ਼ੌਜੀਆਂ ਨੂੰ ਉੱਥੋਂ ਹਟਾਏਗਾ। ਇਹ ਗਿਣਤੀ ਉੱਥੇ ਮੌਜੂਦ ਕੁਲ ਅਮਰੀਕੀ ਫ਼ੌਜੀਆਂ ਦੀ ਇਕ-ਤਿਹਾਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਰਾਕ ਵਿਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਗਿਣਤੀ ਸਾਲ 2015 ਦੇ ਪੱਧਰ ‘ਤੇ ਆ ਜਾਵੇਗੀ। ਲਗਪਗ ਇਸੇ ਸਮੇਂ ਅਮਰੀਕਾ ਨੇ ਖੂੰਖਾਰ ਅੱਤਵਾਦੀ ਜਮਾਤ ਆਈ.ਐੱਸ. ਖ਼ਿਲਾਫ਼ ਇਰਾਕ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਵਾਲ ਸਟ੍ਰੀਟ ਜਰਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਕਿ ਪੈਂਟਾਗਨ ਦੀ ਗਿਣਤੀ ਦੇ ਨਿਯਮਾਂ ਕਾਰਨ ਹਟਾਏ ਜਾਣ ਵਾਲੇ ਫ਼ੌਜੀਆਂ ਦੀ ਵਾਸਤਵਿਕ ਗਿਣਤੀ 3,500 ਤੋਂ ਜ਼ਿਆਦਾ ਹੋ ਸਕਦੀ ਹੈ। ਇਸ ਸਮੇਂ ਇਰਾਕ ਵਿਚ ਪੰਜ ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫ਼ੌਜੀ ਤਾਇਨਾਤ ਹਨ। ਅਮਰੀਕਾ ਅਤੇ ਇਰਾਕ ਨੇ ਜੂਨ ਵਿਚ ਇਕ ਰਣਨੀਤਕ ਵਾਰਤਾ ਕੀਤੀ ਸੀ ਜਿਸ ਪਿੱਛੋਂ ਇਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਵਾਸ਼ਿੰਗਟਨ ਆਉਣ ਵਾਲੇ ਮਹੀਨਿਆਂ ਵਿਚ ਇਰਾਕ ਅਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ਵਿਚ ਮੌਜੂਦ ਆਪਣੇ ਫ਼ੌਜੀਆਂ ਦੀ ਗਿਣਤੀ ਵਿਚ ਕਮੀ ਕਰੇਗਾ।


Share