ਆਸਟ੍ਰੇਲੀਆ ‘ਚ ਐੱਚ.ਆਈ.ਵੀ. ਅਤੇ ਮਲੇਰੀਆ ਰੋਕੂ ਦਵਾਈਆਂ ਨਾਲ ਠੀਕ ਹੋਏ ਕੋਰੋਨਾਵਾਇਰਸ ਦੇ ਮਰੀਜ਼!

327
Share

-ਕੋਰੋਨਾ ਦੇ ਇਲਾਜ ਲਈ ਆਸਟ੍ਰੇਲੀਆ ਖੋਜਕਾਰਾਂ ਨੇ ਕੀਤਾ ਦਾਅਵਾ
ਮੈਲਬਰਨ, 18 ਮਾਰਚ (ਪੰਜਾਬ ਮੇਲ)- ਆਸਟ੍ਰੇਲੀਆ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਇਲਾਜ ਕਰਨ ‘ਚ ਕਾਰਗਾਰ 2 ਦਵਾਈਆਂ ‘ਐੱਚ.ਆਈ.ਵੀ. ਅਤੇ ਮਲੇਰੀਆ ਰੋਕੂ’ ਦਾ ਪਤਾ ਲੱਗਾ ਲਿਆ ਹੈ। ਕੁਇਨਸਲੈਂਡ ਯੂਨੀਵਰਸਿਟੀ ਦੇ ਕਲੀਨਿਕਲ ਖੋਜ ਕੇਂਦਰ ਦੇ ਨਿਦੇਸ਼ਕ ਡੇਵਿਡ ਪੈਟਰਸਨ ਨੇ ਦੱਸਿਆ ਕਿ 2 ਦਵਾਈਆਂ ਨੂੰ ਟੈਸਟ ਟਿਊਬ ‘ਚ ਕੋਰੋਨਾਵਾਇਰਸ ਨੂੰ ਰੋਕਣ ਲਈ ਇਸਤੇਮਾਲ ਕੀਤਾ ਗਿਆ ਅਤੇ ਇਹ ਕਾਰਗਰ ਹੈ ਅਤੇ ਇਨਸਾਨਾਂ ‘ਤੇ ਪ੍ਰੀਖਣ ਲਈ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ‘ਚ ਇਕ ਐੱਚ.ਆਈ.ਵੀ. ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੀ ਦਵਾਈ ਹੈ ਅਤੇ ਦੂਜੀ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਕੋਲੋਰੋਕਵੀਨ ਹੈ। ਪੈਟਰਸਨ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਆਸਟ੍ਰੇਲੀਆ ‘ਚ ਪੀੜਤ ਮਰੀਜ਼ਾਂ ‘ਤੇ ਕੀਤਾ ਗਿਆ ਅਤੇ ਪਾਇਆ ਗਿਆ ਕਿ ਉਸ ‘ਚ ਵਾਇਰਸ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਿਆ। ਰਾਇਲ ਬ੍ਰਿਸਬੇਨ ਐਂਡ ਵੀਮੈਂਸ ਹਸਪਤਾਲ ਵਿਚ ਸੰਚਾਰੀ ਬੀਮਾਰੀ ਦੇ ਡਾਕਟਰ ਪੈਟਰਸਨ ਨੇ ਆਖਿਆ ਕਿ ਇਹ ਸੰਭਾਵਿਤ ਪ੍ਰਭਾਵੀ ਇਲਾਜ ਹੈ। ਇਲਾਜ ਦੇ ਆਖਿਰ ‘ਚ ਪਾਇਆ ਗਿਆ ਕਿ ਮਰੀਜ਼ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਕੋਈ ਸੰਕੇਤ ਤੱਕ ਨਹੀਂ ਹੈ।
ਉਨ੍ਹਾਂ ਅੱਗੇ ਆਖਿਆ ਕਿ ਇਸ ਸਮੇਂ ਅਸੀਂ ਪੂਰੇ ਆਸਟ੍ਰੇਲੀਆ ‘ਚ 50 ਹਸਪਤਾਲਾਂ ਵਿਚ ਵੱਡੇ ਪੈਮਾਨੇ ‘ਤੇ ਦਵਾਈਆਂ ਦਾ ਇਨਸਾਨਾਂ ‘ਤੇ ਪ੍ਰੀਖਣ ਕਰਨਾ ਚਾਹੁੰਦੇ ਹਾਂ, ਤਾਂ ਜੋ ਹੋਰ ਦਵਾਈਆਂ ਦੇ ਨਾਲ ਇਨ੍ਹਾਂ 2 ਦਵਾਈਆਂ ਦੇ ਸੁਮੇਲ ਦੀ ਤੁਲਨਾ ਕੀਤੀ ਜਾ ਸਕੇ। ਪੈਟਰਸਨ ਨੇ ਆਖਿਆ ਕਿ ਕੁਝ ਮਰੀਜ਼ਾਂ ‘ਤੇ ਕੋਰੋਨਾਵਾਇਰਸ ਦੀ ਇਸ ਦਵਾਈ ਦਾ ਬਹੁਤ ਹੀ ਸਕਾਰਾਤਮਕ ਅਸਰ ਹੋਇਆ ਹੈ, ਹਾਲਾਂਕਿ ਇਸ ਦਾ ਕੰਟਰੋਲ ਹਾਲਾਤ ਜਾਂ ਤੁਲਨਾਤਮਕ ਆਧਾਰ ‘ਤੇ ਪ੍ਰੀਖਣ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈ ਟੈਬਲੈੱਟ ਦੇ ਰੂਪ ‘ਚ ਹੈ ਅਤੇ ਮਰੀਜ਼ ਨੂੰ ਖਿਲਾਈ ਜਾ ਸਕਦੀ ਹੈ।


Share