ਆਸਟਰੇਲੀਆ ਵਿੱਚ ਸਿਖਾਂ ਦੇ ਰੂਬਰੂ ਹੋਏ ਲੇਬਰ ਪਾਰਟੀ ਦੇ ਨੇਤਾ, ਸੁਣੀਆਂ ਮੁਸ਼ਕਲਾਂ

ਸਿਡਨੀ, 13 ਮਾਰਚ (ਪੰਜਾਬ ਮੇਲ)- ਆਸਟਰੇਲੀਅਨ ਲੇਬਰ ਪਾਰਟੀ ਦੇ ਪ੍ਰਮੁੱਖ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ। ਲੇਬਰ ਪਾਰਟੀ ਦੀਆਂ ਦੇਸ਼ ਅੰਦਰ ਕੁੱਲ ਛੇ ਸੂਬੇ ਵਿੱਚੋਂ ਤਿੰਨ ਅਤੇ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ’ਚੋ ਵੀ ਇੱਕ ਅੰਦਰ ਸਰਕਾਰਾਂ ਹਨ।
ਉਹ ਅੱਜ ਇਥੇ ਗੁਰਦੁਆਰਾ ਰਿਵਸਬੀ ਵਿਖੇ ਆਏ ਸਨ। ੳੁਹ ਲੇਬਰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਲੲੀ ਦਾਅਵੇਦਾਰ ਹਨ। ਇਸ ਮੌਕੇ ਸ਼ੋਰਟਨ ਨਾਲ ਐਮ ਪੀ ਕ੍ਰਿਸ, ਜੈਸਨ ਕਲੇਅਰ, ਹਰੀਸ਼ ਵੈਲਜੀ, ਇਸ਼ਾ ਅਮਜ਼ਦ ਵੀ ਸਨ। ਸਿੱਖ ਆਗੂ ਮਹਿੰਦਰ ਸਿੰਘ ਬਿੱਟਾ, ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ, ਪਦਮਦੀਪ ਸਿੰਘ, ਨਰਿੰਦਰ ਸਿੰਘ ਗਰੇਵਾਲ, ਚਰਨ ਸਿੰਘ ਕੂਨਰ, ਭੁਪਿੰਦਰ ਛਿੱਬੜ ਤੇ ਅਮਰ ਸਿੰਘ ਨੇ ੳੁਨ੍ਹਾਂ ਦਾ ਨਿੱਘਾ ਸੁਆਗਤ ਕੀਤਾ।
ਸ੍ਰੀ ਸ਼ੋਰਟਨ ਨੇ ਸੰਗਤ ਨੂੰ ਸੰਬੋਧਨ ਕਰਨ ਤੋਂ ਪਹਿਲੋਂ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਭਾਈਚਾਰੇ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ,ਜਿਸ ਵਿੱਚ ਸਿੱਖ ਆਗੂਆਂ ਨੇ ਸਿੱਖੀ ਪਛਾਣ ਬਾਰੇ ਭਰਮ ਭੁਲੇਖਿਆਂ ਕਾਰਨ ਨਸਲੀ ਵਿਤਕਰੇ ਦਾ ਮੁੱਦਾ ਉਠਾਇਆ। ਆਗੂਆ ਨੇ ਕਿਹਾ ਕਿ ਸਕੂਲੀ ਸਿੱਖਿਆ ’ਚ ਸਿੱਖਾਂ ਵੱਲੋਂ ਸੰਸਾਰ ਜੰਗਾਂ ਖਾਸਕਰ ਵਿੱਚ ਪਾੲੇ ਯੋਗਦਾਨ, ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਖੁਸ਼ਹਾਲ ਕਰਨ ਲੲੀ ਕੀਤੀ ਜਾ ਰਹੀ ਮਿਹਨਤ, ਪਹਿਰਾਵੇ ਤੇ ਵਿਲੱਖਣਤਾ ਨੂੰ ਦਰਸਾਉਂਦਾ ਸਿਲੇਬਸ ਬਣਾਇਆ ਜਾਵੇ। ਮਨਜਿੰਦਰ ਸਿੰਘ ਨੇ ਕਿਹਾ ਕਿ ਇਰਾਕ ਵਿਚਲੀਆਂ ਘਟਨਾਵਾਂ ਦਾ ਖਮਿਆਜ਼ਾ ਆਸਟਰੇਲੀਆ ’ਚ ਬੈਠੇ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ। ਮੈਲਬਰਨ ਵਿੱਚ ਸਿੱਖ ਬੱਚੇ ’ਤੇ ਬੱਸ ਵਿੱਚ ਹੋਏ ਹਮਲੇ ਦੀ ਘਟਨਾ ਸੁਣਨ ’ਤੇ ਸ੍ਰੀ ਸ਼ੋਰਟਨ ਨੇ ਇਸ ਨੂੰ ਮੰਦਭਾਗੀ ਦੱਸਿਆ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਉਹ ਲੇਬਰ ਪਾਰਟੀ ਨਾਲ ਸਰਗਰਮੀ ਨਾਲ ਜੁੜਨ ਤੇ ਭਾਈਚਾਰੇ ਦੇ ਮੁੱਦੇ ਉਠਾਉਣ।
ਗੁਰਦੁਆਰਾ ਦੀਵਾਨ ਹਾਲ ਵਿਖੇ ਸੈਕਟਰੀ ਪਦਮਦੀਪ ਸਿੰਘ ਨੇ ਪਰਵਾਸੀ ਸਿੱਖਾਂ ਦੇ ਆਸਟਰੇਲੀਆ ’ਚ ਯੋਗਦਾਨ ਬਾਰੇ ਦੱਸਿਆ। ਸ੍ਰੀ ਸ਼ੋਰਟਨ ਨੇ ਸੰਗਤ ਨੂੰ ਕਿਹਾ ਕਿ ਉਹ ਅੱਜ ਰੱਬ ਦੇ ਇਸ ਘਰ ਆ ਕੇ ਦਿਲੀ ਸਕੂਨ ਮਹਿਸੂਸ ਕਰ ਰਹੇ ਹਨ। ਆਸਟਰੇਲੀਆ ਨੂੰ ਮਾਣ ਹੈ ਕਿ ਉਸ ਵਿੱਚ ਸਿੱਖ ਪਰਵਾਸੀ ਮਿਹਨਤਕਸ਼ ਹਨ। ੳੁਨ੍ਹਾਂ ਨੇ ਗੁਰਦੁਆਰੇ ਵਿੱਚ ਚਲਦੇ ਪੰਜਾਬੀ ਸਕੂਲ ਦੀ ਪ੍ਰਿੰਸੀਪਲ ਰੀਟਾ ਕੁਮਾਰੀ, ਲੰਗਰ ਸੇਵਾਦਾਰ ਤਰਲੋਚਨ ਸਿੰਘ ਤੇ ਹੋਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਨੰਦਾ ਨੇ ਆਸਟਰੇਲੀਆ ’ਚ ਸਿੱਖਾਂ ਦੇ ਯੋਗਦਾਨ ਬਾਰੇ ਕ੍ਰਿਸਟਲ ਜੋਰਡਨ ਤੇ ਲੈਨ ਕੈਨਾ ਵੱਲੋਂ ਲਿਖੀਆਂ ਕਿਤਾਬਾਂ ਦਾ ਸੈੱਟ ਬਿੱਲ ਸ਼ੋਰਟਨ ਨੂੰ ਭੇਟ ਕੀਤਾ।
There are no comments at the moment, do you want to add one?
Write a comment