‘ਆਪ’ ਆਗੂ ਸੁਖਪਾਲ ਖਹਿਰਾ ਦਾ ਬੇਕਰਸਫੀਲਡ ਵਿਖੇ ਨਿੱਘਾ ਸੁਆਗਤ

ਬੇਕਰਸਫੀਲਡ, 20 ਅਪ੍ਰੈਲ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ‘ਆਪ’ ਆਗੂ ਸੁਖਪਾਲ ਖਹਿਰਾ ਅੱਜਕੱਲ੍ਹ ਆਮ ਆਦਮੀ ਪਾਰਟੀ ਦੁਆਰਾ ਉਲੀਕੀ ਆਪਣੀ ਅਮਰੀਕਾ ਫੇਰੀ ‘ਤੇ ਹਨ। ਇਸੇ ਕੜੀ ਤਹਿਤ ਉਨ੍ਹਾਂ ਨੇ ਆਪਣੀ ਪਹਿਲੀ ਰੈਲੀ ਨੂੰ ਬੀਤੇ ਸ਼ੁਕਰਵਾਰ ਬੇਕਰਸਫੀਲਡ ਦੇ ਅਰਮਾਨ ਪੈਲੇਸ ‘ਚ ਸੰਬੋਧਨ ਕੀਤਾ। ਇਸ ਰੈਲੀ ‘ਚ ਪੰਜਾਬ ਦਰਦੀ ਸੱਜਣਾਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਆਪਣੇ ਮਹਿਬੂਬ ਨੇਤਾ ਦੇ ਵਿਚਾਰ ਸੁਣੇ। ਪੰਜਾਬੀ ਭਾਈਚਾਰੇ ਦੀਆਂ ਸਿਰਕੱਢ ਹਸਤੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਆਖੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਭਨਾਂ ਲਈ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਆਪ’ ਵਲੰਟੀਅਰ ਅੰਮ੍ਰਿਤ ਸਿੰਘ ਸੈਕਰਾਮੈਂਟੋ ਨੇ ਸਭਨਾਂ ਦਾ ਸੁਆਗਤ ਕਰਦਿਆਂ ਪੰਜਾਬ ਦੇ ਤਾਜਾ ਹਾਲਾਤ ‘ਤੇ ਪੰਛੀ ਝਾਤ ਪਾਉਂਦਿਆਂ ਕੀਤੀ। ਉਨ੍ਹਾਂ ਸੁਖਪਾਲ ਖਹਿਰਾ ਨੂੰ ਇੱਕ ਬੇਬਾਕ ਅਤੇ ਨਿਧੱੜਕ ਨੇਤਾ ਦੱਸਦਿਆਂ ਪੰਜਾਬ ਦੇ ਭਲੇ ਲਈ ‘ਆਪ’ ਪਾਰਟੀ ਦਾ ਸਾਥ ਦੇਣ ਦੀ ਗੁਹਾਰ ਲਾਈ। ਇਸ ਮੌਕੇ ‘ਆਪ’ ਅਮਰੀਕਾ ਸੈਕਟਰੀ ਸ਼੍ਰੀ ਕਾਂਠ ਅਤੇ ‘ਆਪ’ ਅਮਰੀਕਾ ਦੇ ਕਨਵੀਨਰ ਪ੍ਰਦੀਪ ਸੁੰਦਰੀਆਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਲੋਕਾਂ ਨੂੰ ਪਾਰਟੀ ਦੀ ਵਿੱਤੀ ਮਦਦ ਕਰਨ ਲਈ ਪ੍ਰੇਰਿਆ। ਇਸ ਜਲਸੇ ਵਿਚ ਸੁਖਪਾਲ ਖਹਿਰਾ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਵਿਚ ਲਾਅ ਐਂਡ ਆਰਡਰ ਦੇ ਫੇਲੀਅਰ ਦੀ ਗੱਲ ਕਰਦਿਆਂ ਬਾਦਲ ਅਤੇ ਕੈਪਟਨ ਨੂੰ ਕਰੜੇ ਹੱਥੀਂ ਲੈਦਿਆਂ ਦੋਵਾਂ ਨੂੰ ਇਕੋ ਸਿੱਕੇ ਦੇ ਦੋ ਪਹਿਲੂ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਵੇਲੇ ਸਿਆਸੀ ਬਦਲਾਅ ਦੀ ਮੰਗ ਕਰਦੇ ਹਨ ਅਤੇ ਇਸ ਬਦਲਾਅ ਦੇ ਤੌਰ ‘ਤੇ ਲੋਕੀਂ ਆਮ ਆਦਮੀ ਪਾਰਟੀ ਨੂੰ ਵੇਖਦੇ ਹਨ। ਉਨ੍ਹਾਂ ਕਿਹਾ ਕਿ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲ ਦੀ ਸੋਚ ‘ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਅਤੇ ਅਗਰ ਐਂਤਕੀ ਪੰਜਾਬੀ ਆਪਣੇ ਨਿਸ਼ਾਨੇ ਤੋਂ ਖੁੰਝ ਗਏ, ਤਾਂ ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਇਸ ਮੌਕੇ ਉਨ੍ਹਾਂ ਲੋਕਾਂ ਦੇ ਸੁਆਲਾਂ ਦੇ ਜੁਆਬ ਵੀ ਤਸੱਲੀਬਖ਼ਸ਼ ਤਰੀਕੇ ਨਾਲ ਦਿੱਤੇ। ਮੰਚ ਸੰਚਾਲਨ ਅਜੀਤ ਸਿੰਘ ਭੱਠਲ ਨੇ ਬਾਖੂਬੀ ਕੀਤਾ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸਮੂਹ ਪੰਜਾਬੀ ਭਾਈਚਾਰੇ ਅਤੇ ਬੇਕਰਸਫੀਲਡ ਦੇ ਆਪ ਵਲੰਟੀਅਰਾਂ ਸਿਰ ਜਾਂਦਾ ਹੈ।
There are no comments at the moment, do you want to add one?
Write a comment