ਨਵੰਬਰ ਚੋਣਾਂ ਟਰੰਪ ਲਈ ਹੋਣਗੀਆਂ ਚੁਣੌਤੀਪੂਰਨ
ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਸੁਰਖੀਆਂ ਵਿਚ ਰਹੇ ਹਨ। ਉਨ੍ਹਾਂ ਵੱਲੋਂ ਬਹੁਤ ਸਾਰੇ ਫੈਸਲੇ ਅਜਿਹੇ ਕੀਤੇ ਗਏ, ਜੋ ਕਿ ਅਦਾਲਤਾਂ ਵਿਚ ਜਾ ਕੇ ਉਨ੍ਹਾਂ ਦੇ ਉਲਟ ਹੁੰਦੇ ਰਹੇ। ਨਵੰਬਰ ‘ਚ ਹੋਣ ਵਾਲੀਆਂ ਚੋਣਾਂ ਹੁਣ ਰਾਸ਼ਟਰਪਤੀ ਟਰੰਪ ਲਈ ਵੱਡੀ ਚੁਣੌਤੀ ਹੋਵੇਗੀ। ਇਸ ਸਮੇਂ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਕਾਫੀ ਅੱਗੇ ਚੱਲ ਰਹੇ ਹਨ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਟਰੰਪ ਦੀਆਂ ਨੀਤੀਆਂ ਬਹੁਤੀਆਂ ਕਾਰਗਰ ਨਹੀਂ ਰਹੀਆਂ। ਦੁਨੀਆਂ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਵਿਚ ਸਭ ਤੋਂ ਉਪਰਲੇ ਪੱਧਰ ‘ਤੇ ਹੈ, ਜਿਸ ਨਾਲ ਜਿੱਥੇ ਸਥਾਨਕ ਨਾਗਰਿਕ ਇਸ ਤੋਂ ਨਾਰਾਜ਼ ਹਨ, ਉਥੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਅਮਰੀਕਾ ਦੀ ਸ਼ਾਖ ਡਿੱਗੀ ਹੈ। ਇਸ ਦੇ ਲਈ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਨਵੰਬਰ ਮਹੀਨੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹਨ, ਜਿਸ ਦੌਰਾਨ ਕੋਰੋਨਾਵਾਇਰਸ ਨੂੰ ਠੀਕ ਤਰੀਕੇ ਨਾਲ ਨਾ ਨਜਿੱਠਣ ਲਈ ਟਰੰਪ ਨੂੰ ਨੁਕਸਾਨ ਹੋ ਸਕਦਾ ਹੈ।