ਆਪਣੇ ਪੱਧਰ ‘ਤੇ  ਪੰਚਾਇਤਾਂ ਨੂੰ ਪੱਤਰ ਜਾਰੀ ਕਰਕੇ ਧਰਨੇ ਦਾ ਐਲਾਨ ਕਰਨ ਵਾਲੇ ਬੀ.ਡੀ.ਪੀ.ਓ. ਸਰਦੂਲਗੜ੍ਹ ਦਾ ਤਬਾਦਲਾ

80
Share

ਸਰਦੂਲਗੜ੍ਹ, 19 ਸਤੰਬਰ (ਪੰਜਾਬ ਮੇਲ)- ਬੀ.ਡੀ.ਪੀ.ਓ. ਸਰਦੂਲਗੜ੍ਹ ਨੇ ਆਪਣੇ ਪੱਧਰ ‘ਤੇ ਹੀ ਪੰਚਾਇਤਾਂ ਨੂੰ ਪੱਤਰ ਜਾਰੀ ਕਰਕੇ 21 ਸਤੰਬਰ ਨੂੰ ਧਰਨੇ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਬਲਾਕ ਅਧੀਨ ਸਮੂਹ ਪੰਚਾਇਤ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਸਾਰੇ ਸਰਪੰਚਾਂ ਨੂੰ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਹੋਣ ਲਈ ਕਹਿ ਦਿੱਤਾ, ਜਦਕਿ ਸੂਬਾ ਸਰਕਾਰ ਵੱਲੋਂ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੀ.ਡੀ.ਪੀ.ਓ. ਮੇਜਰ ਸਿੰਘ ਧਾਲੀਵਾਲ ਦਾ ਮੁੱਖ ਦਫਤਰ ‘ਚ ਤਬਾਦਲਾ ਕਰ ਦਿੱਤਾ ਤੇ ਜਾਰੀ ਕੀਤੇ ਗਏ ਪੱਤਰ ਤੁਰੰਤ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ, ਜਿਸ ਦਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਰਦੂਲਗੜ੍ਹ ਵੱਲੋਂ ਦਾਅਵਾ ਕੀਤਾ ਗਿਆ ਹੈ। ਬੁਲਾਰੇ ਨੇ ਸੂਬਾ ਸਰਕਾਰ ਦੀ ਅਜਿਹੀ ਕਿਸੇ ਵੀ ਯੋਜਨਾ ਨੂੰ ਰੱਦ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ. ਨੇ ਗਲਤ ਦਾਅਵਾ ਕੀਤਾ ਕਿ ਮੰਤਰੀ ਤੇ ਵਿਧਾਇਕ ਵੀ ਧਰਨੇ ਵਿਚ ਸ਼ਾਮਲ ਹੋਣਗੇ। ਅਸਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕੋਵਿਡ ਕਾਰਨ ਪ੍ਰਦਰਸ਼ਨਾਂ ਤੇ ਜਨਤਕ ਇਕੱਠ ਤੋਂ ਗੁਰੇਜ ਕਰਨ ਲਈ ਕਹਿ ਰਹੀ ਹੈ। ਸਰਦੂਲਗੜ੍ਹ ਦੇ ਬੀ.ਡੀ.ਪੀ.ਓ. ਵੱਲੋਂ ਆਪਣੇ ਪੱਧਰ ‘ਤੇ ਜਾਰੀ ਕੀਤੀ ਗਲਤ ਸੂਚਨਾ ਨੂੰ ਰੱਦ ਕਰਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਧਰਨਿਆਂ ਦੀ ਯੋਜਨਾ ਨਹੀਂ ਉਲੀਕੀ ਅਤੇ ਨਾ ਹੀ ਬੀ.ਡੀ.ਪੀ.ਓ. ਨੂੰ ਪੱਤਰ ਜਾਰੀ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਅਤੇ ਇਸ ਗਲਤ ਸੰਚਾਰ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਆਖਿਆ ਹੈ।


Share