ਆਕਸਫੋਰਡ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਵਿਰੁੱਧ ਵੈਕਸੀਨ ਦੀਆਂ ਕੋਸ਼ਿਸ਼ਾਂ ਤਹਿਤ ਕਲਿਨੀਕਲ ਟ੍ਰਾਇਲ ਲਈ ਲੋਕਾਂ ਦੀ ਭਾਲ ਸ਼ੁਰੂ

268
Share

ਲੰਡਨ, 30 ਮਾਰਚ (ਪੰਜਾਬ ਮੇਲ)-ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨਿਕਾਂ ਨੇ ਕੋਰੋਨਾਵਾਇਰਸ ਮਹਾਮਾਰੀ ਵਿਰੁੱਧ ਜਲਦ ਵੈਕਸੀਨ ਦੀਆਂ ਕੋਸ਼ਿਸ਼ਾਂ ਤਹਿਤ ਕਲਿਨੀਕਲ ਟ੍ਰਾਇਲ ਲਈ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰੀਖਣ ਲਈ ਯੂਨੀਵਰਸਿਟੀ ਦੇ ਜੈਨਰ ਇੰਸਟੀਚਿਊਟ ਅਤੇ ਆਕਸਫੋਰਡ ਵੈਕਸੀਨ ਗਰੁੱਪ ਨੇ ਆਪਸ ‘ਚ ਹੱਥ ਮਿਲਾਇਆ ਹੈ। ਦੱਸ ਦੇਈਏ ਕਿ ਕੋਰੋਨਾ ਕਾਰਣ ਬ੍ਰਿਟੇਨ ‘ਚ ਹੁਣ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਖੋਜਕਾਰਾਂ ਦੇ ਪ੍ਰਾਜਕੈਟ ਤਹਿਤ 510 ਵਾਲੰਟੀਅਰਸ ‘ਤੇ ਅਧਿਐਨ ਕੀਤਾ ਜਾਵੇਗਾ ਜਿਨ੍ਹਾਂ ਨੂੰ ਇੰਜੈਕਸ਼ਨ ਦਿੱਤੇ ਜਾਣਗੇ ਜਾਂ ਫਿਰ ਤੁਲਨਾ ਲਈ ਕੰਟਰੋਲ ਇੰਜੈਕਸ਼ਨ ਲਗਾਏ ਜਾਣਗੇ। ਵੈਕਸੀਨ ਡਿਵੈੱਲਪਮੈਂਟ ਨਾਲ ਜੁੜੇ ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਅਗਲੇ ਪ੍ਰੀਖਣ ਲਈ ਇੰਗਲੈਂਡ ਦੇ ਥੈਮਸ ਵੈਲੀ ਖੇਤਰ ‘ਚ ਸ਼ੁੱਕਰਵਾਰ ਤੋਂ (18 ਤੋਂ 55 ਸਾਲ ਉਮਰ ਦੇ) ਸਿਹਤਮੰਦ ਵਾਲੰਟੀਅਰ ਚੁਣਨੇ (ਸਕਰੀਨਿੰਗ) ਸ਼ੁਰੂ ਕੀਤੇ।
ਉੱਥੇ, ਆਕਸਫੋਰਡ ਯੂਨੀਵਰਸਿਟੀ ਦੇ ਜੈਨਨਰ ਇੰਸਟੀਚਿਊਟ ਦੇ ਨਿਰਦੇਸ਼ਕ ਪ੍ਰੋਫੈਸਰ ਐਡ੍ਰਿਅਨ ਹਿਲ ਨੇ ਕਿਹਾ ਕਿ ਆਕਸਫੋਰਡ ਟੀਮ ਨੂੰ ਜਲਦ ਕਾਰਵਾਈ ਦਾ ਬੇਮਿਸਾਲ ਅਨੁਭਵ ਰਿਹਾ ਹੈ ਜਿਵੇਂ ਕਿ 2014 ‘ਚ ਪੱਛਮੀ ਅਫਰੀਕਾ ‘ਚ ਇਬੋਲਾ ਮਹਾਮਾਰੀ ਸਮੇਂ ਹੋਇਆ। ਇਹ ਉਸ ਤੋਂ ਵੀ ਵੱਡੀ ਚੁਣੌਤੀ ਹੈ। ਦੱਸਣਯੋਗ ਹੈ ਕਿ ਬ੍ਰਿਟੇਨ ‘ਚ ਪਹਿਲਾਂ ਹੀ ਪ੍ਰਿੰਸ ਚਾਰਲਸ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਇਲਾਵਾ ਸਿਹਤ ਮੰਤਰੀ ਮੈਟ ਹੈਨਕਾਕ ਵੀ ਕੋਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਹਨ।


Share