ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜੂਨੀਅਰ ਕਾਮਨ ਰੂਮ ‘ਚੋਂ ਸਾਨ ਸੂ ਕੀ ਦਾ ਨਾਮ ਹਟਾਉਣ ਲਈ ਕੀਤੀ ਵੋਟਿੰਗ

ਲੰਡਨ, 21 ਅਕਤੂਬਰ (ਪੰਜਾਬ ਮੇਲ)- ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਮਿਆਂਮਾਰ ਵਿਚ ਰੋਹਿੰਗਿਆ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆਲੋਚਨਾ ਨਾ ਕਰਨ ਉੱਤੇ ਆਪਣੇ ਜੂਨੀਅਰ ਕਾਮਨ ਰੂਮ ਦੇ ਟਾਈਟਲ ਤੋਂ ਆਂਗ ਸਾਨ ਸੂ ਕੀ ਦਾ ਨਾਮ ਹਟਾਉਣ ਲਈ ਵੋਟਿੰਗ ਕੀਤੀ। ਸੂ ਕੀ ਇਸ ਕਾਲਜ ਵਿਚ ਪੜ੍ਹਾਈ ਕਰ ਚੁੱਕੀ ਹੈ।
ਸੈਂਟ ਹਿਊਗ ਕਾਲਜ ਦੇ ਵਿਦਿਆਰਥੀਆਂ ਨੇ ਤੁਰੰਤ ਪ੍ਰਭਾਵ ਨਾਲ ਜੂਨੀਅਰ ਕਾਮਨ ਰੂਮ ਤੋਂ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸੂ ਕੀ ਦਾ ਨਾਮ ਹਟਾਉਣ ਲਈ ਵੋਟਿੰਗ ਕੀਤੀ। ਕਾਲਜ ਦੇ ਪ੍ਰਸਤਾਵ ਵਿਚ ਕਿਹਾ ਗਿਆ ਹੈ, ਸੂ ਕੀ ਨੇ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਸਮੂਹਿਕ ਹੱਤਿਆ, ਸਮੂਹਿਕ ਬਲਾਤਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਨਿੰਦਾ ਨਹੀਂ ਕੀਤੀ, ਜੋ ਨਾ ਮੰਨਣਯੋਗ ਹੈ। ਉਹ ਉਨ੍ਹਾਂ ਸਿੱਧਾਂਤਾਂ ਅਤੇ ਆਦਰਸ਼ਾਂ ਖਿਲਾਫ ਹੋ ਗਈ ਹੈ ਜਿਨ੍ਹਾਂ ਨੂੰ ਇਕ ਸਮੇਂ ‘ਤੇ ਉਨ੍ਹਾਂ ਨੇ ਹੀ ਜਾਇਜ਼ ਰੂਪ ਨਾਲ ਪ੍ਰਚਾਰਿਤ ਕੀਤਾ ਸੀ। ਇਸ ਵਿਚ ਕਿਹਾ ਗਿਆ, ਸਾਨੂੰ ਇਸ ਮੁੱਦੇ ਉੱਤੇ ਆਂਗ ਸਾਨ ਸੂ ਕੀ ਦੀ ਚੁੱਪੀ ਅਤੇ ਸ਼ਮੂਲੀਅਤ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਆਧਾਰ ਉੱਤੇ ਮਨੁੱਖਤਾ ਖਿਲਾਫ ਹੋ ਰਹੇ ਗੁਨਾਹਾਂ ਲਈ ਮੁਆਫੀ ਮੰਗਨੀ ਚਾਹੀਦੀ ਹੈ। ਸੂ ਕੀ ਸਾਲ 1967 ਵਿਚ ਸੈਂਟ ਹਿਊਗ ਕਾਲਜ ਤੋਂ ਗ੍ਰੈਜੂਏਟ ਹੋਈ ਸੀ ਅਤੇ ਸਾਲ 2012 ਵਿਚ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ।