ਆਈ.ਪੀ.ਐਲ. : ਚੇਨੱਈ ਤੇ ਹੈਦਰਾਬਾਦ ਵਿਚਾਲੇ ਫਾਈਨਲ ਲਈ ਟੱਕਰ ਅੱਜ

ਮੁੰਬਈ, 21 ਮਈ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 11ਵਾਂ ਸੈਸ਼ਨ ਆਪਣੇ ਆਖ਼ਰੀ ਗੇੜ ਵਿੱਚ ਪਹੁੰਚ ਗਿਆ ਹੈ, ਜਿੱਥੇ ਦੋ ਵਾਰ ਦੀ ਚੈਂਪੀਅਨ ਚੇਨੱਈ ਸੁਪਰਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਫਾਈਨਲ ਦੀ ਟਿਕਟ ਕਟਾਉਣ ਲਈ ਟੂਰਨਾਮੈਂਟ ਦੇ ਪਹਿਲੇ ਕੁਆਲੀਫਾਇਰ ਵਿੱਚ ਮੰਗਲਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਹੈਦਰਾਬਾਦ ਦੀ ਟੀਮ ਨੇ ਗਰੁੱਪ ਪੜਾਅ ਵਿੱਚ 14 ਮੈਚਾਂ ਵਿੱਚੋਂ ਨੌਂ ਮੈਚ ਜਿੱਤੇ ਹਨ ਅਤੇ ਪੰਜ ਹਾਰੇ ਹਨ। ਉਹ 18 ਅੰਕਾਂ ਨਾਲ ਚੋਟੀ ’ਤੇ ਰਹੀ, ਜਦਕਿ ਚੇਨੱਈ ਦੀ ਟੀਮ ਵੀ 18 ਅੰਕਾਂ ਦੇ ਬਾਵਜੂਦ ਨੈੱਟ ਰਨ ਰੇਟ ਕਾਰਨ ਪੱਛੜ ਕੇ ਦੂਜੇ ਨੰਬਰ ’ਤੇ ਰਹੀ। ਟੂਰਨਾਮੈਂਟ ਦੀਆਂ ਸਭ ਤੋਂ ਸਫਲ ਟੀਮਾਂ ਵਿੱਚ ਗਿਣੀ ਜਾਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸੇ ਮੈਚ ਵਿੱਚ ਆਪਣੇ ਮਜ਼ਬੂਤ ਪ੍ਰਦਰਸ਼ਨ ਨਾਲ ਫਾਈਨਲ ਵਿੱਚ ਥਾਂ ਬਣਾਵੇ।
ਚੇਨੱਈ ਦੇ ਪਿਛਲੇ ਪ੍ਰਦਰਸ਼ਨ ਨੂੰ ਵੇਖਿਆ ਜਾਵੇ ਤਾਂ ਉਸ ਨੇ ਪਲੇਅ-ਆਫ ਵਿੱਚ ਥਾਂ ਪੱਕੀ ਕਰਨ ਦੇ ਬਾਵਜੂਦ ਆਪਣੀ ਲੈਅ ਨੂੰ ਕਾਇਮ ਰੱਖਿਆ ਹੈ। ਆਖ਼ਰੀ ਤਿੰਨ ਮੁਕਾਬਲਿਆਂ ਵਿੱਚ ਉਹ ਹੈਦਰਾਬਾਦ ਨੂੰ ਅੱਠ ਵਿਕਟਾਂ, ਦਿੱਲੀ ਡੇਅਰਡੈਵਿਲਜ਼ ਨੂੰ 34 ਦੌੜਾਂ ਅਤੇ ਟੂਰਨਾਮੈਂਟ ਦੇ ਆਖ਼ਰੀ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਇਸ ਮੁਕਾਮ ’ਤੇ ਪਹੁੰਚੀ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਵੀ ਕੋਸ਼ਿਸ਼ ਕਰੇਗੀ ਕਿ ਉਹ ਗਰੁੱਪ ਪੜਾਅ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦੁਹਰਾਏ ਅਤੇ ਚੇਨੱਈ ਤੋਂ ਪਿਛਲੀਆਂ ਹਾਰਾਂ ਦਾ ਬਦਲਾ ਲੈ ਕੇ ਹੀ ਫਾਈਨਲ ਵਿੱਚ ਪਹੁੰਚੇ। ਹਾਲਾਂਕਿ ਹੈਦਰਾਬਾਦ ਦੀ ਹਾਲਤ ਉਲਟ ਵਿਖਾਈ ਦੇ ਰਹੀ ਹੈ ਅਤੇ ਪਲੇਅ-ਆਫ ਵਿੱਚ ਸਭ ਤੋਂ ਪਹਿਲਾਂ ਥਾਂ ਬਣਾਉਣ ਵਾਲੀ ਟੀਮ ਨੇ ਆਖ਼ਰੀ ਗਰੁੱਪ ਮੈਚਾਂ ਵਿੱਚ ਖ਼ਾਸ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਹ ਚੇਨੱਈ ਤੋਂ ਉਲਟ ਆਪਣੇ ਆਖ਼ਰੀ ਤਿੰਨ ਗਰੁੱਪ ਮੈਚ ਹਾਰੀ ਹੈ। ਹੈਦਰਾਬਾਦ ਨੂੰ ਆਖ਼ਰੀ ਤਿੰਨ ਮੈਚਾਂ ਵਿੱਚ ਚੇਨੱਈ ਤੋਂ ਅੱਠ ਵਿਕਟਾਂ, ਰੌਇਲ ਚੈਲੰਜਰਜ਼ ਬੰਗਲੌਰ ਤੋਂ 14 ਦੌੜਾਂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ ਪੰਜ ਵਿਕਟਾਂ ਨਾਲ ਹਾਰ ਝੱਲਣੀ ਪਈ ਹੈ, ਜਿਸ ਨੇ ਉਸ ਦੀ ਲੈਅ ਨੂੰ ਵਿਗਾੜ ਦਿੱਤਾ ਹੈ ਅਤੇ ਟੀਮ ’ਤੇ ਇਸ ਦਾ ਮਨੋਵਿਗਿਆਨਕ ਦਬਾਅ ਵੀ ਜ਼ਰੂਰ ਬਣਿਆ ਹੈ। ਹੈਦਰਾਬਾਦ ਜਾਂ ਚੇਨੱਈ ਵਿੱਚੋਂ ਜੋ ਕੋਈ ਮੈਚ ਹਾਰਦਾ ਹੈ ਤਾਂ ਪਹਿਲੇ ਦੋ ਵਿੱਚ ਰਹਿਣ ਦਾ ਉਨ੍ਹਾਂ ਨੂੰ ਫਾਇਦਾ ਮਿਲੇਗਾ ਅਤੇ ਹਾਰਨ ਵਾਲੀ ਟੀਮ ਨੂੰ ਦੂਜੇ ਕੁਆਲੀਫਾਇਰ ਵਿੱਚ ਐਲੀਮੀਨੇਟਰ ਦੀ ਜੇਤੂ ਟੀਮ ਨਾਲ ਖੇਡ ਕੇ ਫਾਈਨਲ ਵਿੱਚ ਥਾਂ ਬਣਾਉਣ ਦਾ ਆਖ਼ਰੀ ਮੌਕਾ ਹੋਵੇਗਾ, ਪਰ ਦੋਵੇਂ ਹੀ ਟੀਮਾਂ ਦੀ ਕੋਸ਼ਿਸ਼ ਵਾਨਖੇੜੇ ਵਿੱਚ ਫਾਈਨਲ ਦਾ ਟਿਕਟ ਹਾਸਲ ਕਰਨ ਦੀ ਰਹੇਗੀ।