ਆਈ.ਆਰ.ਸੀ.ਟੀ.ਸੀ. ਨੇ ਮੋਦੀ ਦੇ ਸਿੱਖਾਂ ਨਾਲ ਰਿਸ਼ਤਿਆਂ ਸਬੰਧੀ ਦੋ ਕਰੋੜ ਈਮੇਲਾਂ ਗਾਹਕਾਂ ਨੂੰ ਭੇਜੀਆਂ

178
Share

ਨਵੀਂ ਦਿੱਲੀ, 13 ਦਸੰਬਰ (ਪੰਜਾਬ ਮੇਲ)- ਆਈ.ਆਰ.ਸੀ.ਟੀ.ਸੀ. ਨੇ 8 ਦਸੰਬਰ ਤੋਂ 12 ਦਸੰਬਰ ਵਿਚਾਲੇ ਆਪਣੇ ਗਾਹਕਾਂ ਨੂੰ ਤਕਰੀਬਨ ਦੋ ਕਰੋੜ ਈਮੇਲਾਂ ਭੇਜੀਆਂ ਹਨ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹੱਕ ‘ਚ ਲਏ ਗਏ 13 ਫੈਸਲਿਆਂ ਦੀ ਸੂਚੀ ਦਿੱਤੀ ਗਈ ਹੇ। ਜਦੋਂ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.), ਰੇਲਵੇ ਦਾ ਸਰਕਾਰੀ ਮਾਲਕੀ ਵਾਲਾ ਅਦਾਰਾ ਹੈ, ਜਿਸ ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦਾ ਕਿਤਾਬਚਾ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੀ ਸਰਕਾਰ ਨਾਲ ਸਿੱਖਾਂ ਦੇ ਵਿਸ਼ੇਸ਼ ਸਬੰਧ’ ਭੇਜਿਆ ਹੈ, ਜੋ ਲੋਕਾਂ ਨੂੰ ਬਿਲਾਂ ਬਾਰੇ ਜਾਗਰੂਕ ਕਰਨ ਅਤੇ ਉਸ ਬਾਰੇ ਫੈਲੇ ਭੁਲੇਖਿਆਂ ਨੂੰ ਦੂਰ ਕਰਨ ਦੀ ਸਰਕਾਰ ਦੀ ‘ਲੋਕ ਹਿੱਤ’ ਸੋਚ ਦਾ ਹਿੱਸਾ ਹੈ। ਇਹ ਕਿਤਾਬਚੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਈਮੇਲਾਂ ਆਈ.ਆਰ.ਸੀ.ਟੀ.ਸੀ. ਦੇ ਪੂਰੇ ਡੇਟਾਬੇਸ ਨੂੰ ਭੇਜੀਆਂ ਗਈਆਂ ਜਿਥੇ ਯਾਤਰੀ ਟਿਕਟਾਂ ਦੀ ਬੁਕਿੰਗ ਕਰਦੇ ਹਨ ਤੇ ਆਪਣੇ ਵੇਰਵੇ ਦਰਜ ਕਰਦੇ ਹਨ। ਪੀ.ਐੱਸ.ਯੂ. ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਈਮੇਲ ਸਿਰਫ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਭੇਜੀ ਗਈ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਆਈ.ਆਰ.ਸੀ.ਟੀ.ਸੀ. ਵੱਲੋਂ ਲੋਕ ਹਿੱਤ ਵਿਚ ਸਰਕਾਰੀ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਕੌਮੀ ਟਰਾਂਸਪੋਰਟ ਦੇ ਸੂਤਰ ਨੇ ਦੱਸਿਆ ਕਿ ਆਈ.ਆਰ.ਸੀ.ਟੀ.ਸੀ. ਨੇ 12 ਅਕਤੂਬਰ ਤੱਕ ਪੰਜ ਦਿਨਾਂ ਵਿਚ 1.9 ਕਰੋੜ ਈਮੇਲਾਂ ਭੇਜੀਆਂ ਹਨ।


Share