ਆਈਪੀਐਲ : ਪੰਜਾਬ ਦੀ ਦਿੱਲੀ ’ਤੇ ਰੋਮਾਂਚਕ ਜਿੱਤ

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ ਰੋਮਾਂਚਕ ਮੈਚ ਵਿੱਚ ਅੱਜ ਦਿੱਲੀ ਡੇਅਰਡੈਵਿਲਜ਼ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਚਾਰ ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਦੇ ਗੇਂਦਬਾਜ਼ਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕਿੰਗਜ਼ ਇਲੈਵਨ ਪੰਜਾਬ ਨੂੰ ਅੱਠ ਵਿਕਟਾਂ ’ਤੇ 143 ਦੌੜਾਂ ਹੀ ਬਣਾਉਣ ਦਿੱਤੀਆਂ। ਲਿਆਮ ਪਲੰਕਟ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਨੌਜਵਾਨ ਗੇਂਦਬਾਜ਼ ਅਵੇਸ਼ ਖ਼ਾਨ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਲਾਂਕਿ ਦਿੱਲੀ ਸਾਹਮਣੇ ਇਹ ਕੋਈ ਜ਼ਿਆਦਾ ਵੱਡਾ ਸਕੋਰ ਨਹੀਂ ਸੀ, ਪਰ ਉਹ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਦਿੱਲੀ ਨੇ ਆਪਣੀ ਟੀਮ ਵਿੱਚ ਪੰਜ ਬਦਲਾਅ ਕੀਤੇ, ਜਦਕਿ ਪੰਜਾਬ ਲਈ ਪਿਛਲੇ ਤਿੰਨ ਮੈਚਾਂ ਵਿੱਚ ਜ਼ੋਰਦਾਰ ਪਾਰੀਆਂ ਖੇਡਣ ਵਾਲੇ ਕ੍ਰਿਸ ਗੇਲ ਨੂੰ ਇਸ ਮੈਚ ਵਿੱਚ ਸੱਟ ਕਾਰਨ ਆਰਾਮ ਦਿੱਤਾ ਗਿਆ। ਗੇਲ ਦੀ ਗੈਰ-ਮੌਜੂਦਗੀ ਵਿੱਚ ਪੰਜਾਬ ਦੀ ਸ਼ੁਰੂਆਤ ਬਹੁਤ ਹੀ ਕਮਜੋਰ ਰਹੀ। ਇੱਕ ਸਮੇਂ ਹਾਲਤ ਇਹ ਸੀ ਕਿ 15 ਓਵਰਾਂ ਤਕ ਪੰਜਾਬ 100 ਦੌੜਾਂ ਹੀ ਬਣਾ ਸਕਿਆ। ਦਿੱਲੀ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਬੱਲੇਬਾਜ਼ਾਂ ਨੂੰ ਸ਼ੁਰੂ ਤੋਂ ਹੀ ਖੰਗਣ ਨਹੀਂ ਦਿੱਤਾ। ਖ਼ਾਸ ਤੌਰ ’ਤੇ ਅੰਡਰ-19 ਵਿਸ਼ਵ ਕੱਪ ਦੇ ਤੇਜ਼ ਗੇਂਦਬਾਜ਼ ਅਵੇਸ਼ ਖ਼ਾਨ ਨੇ ਬਿਹਤਰੀਨ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ ਆਰੋਨ ਫਿੰਚ ਅਤੇ ਯੁਵਰਾਜ ਸਿੰਘ ਵਰਗੇ ਬੱਲੇਬਾਜ਼ਾਂ ਨੂੰ ਆਊਟ ਕੀਤਾ। ਲਿਆਮ ਪਲੰਕਟ ਨੇ ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਦੀਆਂ ਵਿਕਟਾਂ ਲਈਆਂ। ਰਾਹੁਲ ਨੇ 15 ਗੇਂਦਾਂ ’ਤੇ 23 ਦੌੜਾਂ ਬਣਾਈਆਂ। ਫਿੰਚ ਦੋ ਦੌੜਾਂ ਹੀ ਬਣਾ ਸਕਿਆ, ਜਦਕਿ ਮਿਅੰਕ ਨੇ 16 ਗੇਂਦਾਂ ’ਤੇ 21 ਦੌੜਾਂ ਬਣਾਈਆਂ। ਪੰਜਾਬ ਦੀ ਪਹਿਲੀ ਵਿਕਟ ਛੇ, ਦੂਜੀ 42, ਤੀਜੀ 60 ਅਤੇ ਚੌਥੀ 85 ਦੇ ਸਕੋਰ ’ਤੇ ਡਿੱਗੀ। ਪੰਜਾਬ ਦੀ ਲਾਜ ਕਰੁਣ ਨਾਇਰ ਅਤੇ ਡੇਵਿਡ ਮਿਲਰ ਨੇ ਸੰਭਾਲੀ ਜਿਨ੍ਹਾਂ ਨੇ ਕ੍ਰਮਵਾਰ 34 ਅਤੇ 26 ਦੌੜਾਂ ਬਣਾ ਕੇ ਟੀਮ ਨੂੰ 143 ਦੌੜਾਂ ਦੇ ਸਨਮਾਨਜਨਕ ਟੀਚੇ ਤਕ ਪਹੁੰਚਾਇਆ।