ਆਈਐੱਸ ਵੱਲੋਂ ਚੀਨ ਨੂੰ ਧਮਕੀ

ਬੀਜਿੰਗ, 2 ਮਾਰਚ (ਪੰਜਾਬ ਮੇਲ)- ਚੀਨ ਸਰਕਾਰ ਭਾਵੇਂ ਹਿਜ਼ਬੁਲ ਮੁਜਾਹਦੀਨ ਦੇ ਸਰਗਨਾ ਮਸੂਦ ਅਜ਼ਹਰ ਦੇ ਸਵਾਲ ਉੱਤੇਂ ਰੋੜੇ ਅਟਕਾ ਰਹੀ ਹੈ, ਪਰ ਉਹ ਖੁਦ ਵੀ ਇਸਲਾਮਿਕ ਅੱਤਵਾਦ ਦੇ ਖ਼ਤਰੇ ਨਾਲ ਜੂਝ ਰਹੀ ਹੈ। ਖ਼ਬਰ ਹੈ ਕਿ ਅੱਤਵਾਦੀ ਸੰਗਠਨ ਆਈ ਐੱਸ ਆਈ ਐੱਸ ਨੇ ਵੱਡੀ ਗਿਣਤੀ ਵਿੱਚ ਉਈਗਰ ਮੁਸਲਮਾਨਾਂ ਨਾਲ ਹੱਥ ਮਿਲਾ ਲਏ ਹਨ ਅਤੇ ਉਈਗਰ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਪਿਛਲੇ ਦਿਨੀਂ ਇਸਲਾਮਿਕ ਸਟੇਟ (ਆਈ ਐੱਸ) ਦੇ ਬਣਾਏ ਇੱਕ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਛੇਤੀ ਹੀ ਚੀਨ ਦੀਆਂ ਨਦੀਆਂ ਵਿੱਚ ਖੂਨ ਵਹੇਗਾ। ਚੀਨ ਦੇ ਸਿਨਜਿਆਂਗ ਰਾਜ ਵਿੱਚ ਉਈਗਰ ਮੁਸਲਮਾਨਾਂ ਦੀ ਆਬਾਦੀ ਲੰਬੇ ਸਮੇਂ ਤੋਂ ਵਿਸ਼ੇਸ਼ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਜਨਤਕ ਕਰਨ, ਬੁਰਕਾ ਪਾਉਣ ਅਤੇ ਜਨਤਕ ਸਥਾਨਾਂ ਉੱਤੇ ਨਮਾਜ਼ ਪੜ੍ਹਨ ਦੀ ਲਈ ਛੋਟਾਂ ਨਹੀਂ ਹਨ। ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਪਾਬੰਦੀਆਂ ਦਾ ਵਿਰੋਧ ਹੌਲੀ-ਹੌਲੀ ਬਗ਼ਾਵਤ ਬਣ ਰਿਹਾ ਹੈ। ਆਈ ਐੱਸ ਨੇ ਇਸ ਬਗ਼ਾਵਤ ਦਾ ਫਾਇਦਾ ਉਠਾ ਕੇ ਨੌਜਵਾਨ ਉਈਗਰ ਮੁਸਲਮਾਨਾਂ ਨੂੰ ਭੜਕਾ ਕੇ ਆਪਣੇ ਨਾਲ ਲੈ ਲਿਆ। ਇਰਾਕ ਅਤੇ ਸੀਰੀਆ ਵਿੱਚ ਵੱਡੀ ਗਿਣਤੀ ਵਿੱਚ ਉਈਗਰ ਨੌਜਵਾਨ ਆਈ ਐੱਸ ਵੱਲੋਂ ਲੜ ਰਹੇ ਹਨ। ਸਿਨਜਿਆਂਗ ਵਿੱਚ ਵੀ ਉਈਗਰ ਬਹੁ-ਗਿਣਤੀ ਵਿੱਚ ਹਨ ਤੇ ਏਥੋਂ ਦੀ ਆਬਾਦੀ ਵਿੱਚ ਟਕਰਾਅ ਵਧਣ ਨਾਲ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਰਾਕੀ ਫੌਜ ਨੇ ਕੱਲ੍ਹ ਅੱਧੇ ਘੰਟੇ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਆਈ ਐੱਸ ਵਾਲੇ ਲੜਾਕੇ ਉਈਗਰ ਨੌਜਵਾਨਾਂ ਨੂੰ ਸਿਖਲਾਈ ਦੇਦੇ ਦਿਖਾਈ ਦੇ ਰਹੇ ਹਨ। ਜਿੱਥੇ ਸਿਖਲਾਈ ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚੋਂ ਕੁਝ ਅੱਡੇ ਚੀਨ ਦੇ ਅੰਦਰੂਨੀ ਇਲਾਕਿਆਂ ਵਿੱਚ ਹਨ। ਇਸ ਵੀਡੀਓ ਵਿੱਚ ਇਕ ਫੁਟੇਜ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨ ਪਿੰਗ ਦਿਖਾਏ ਗਏ ਹਨ। ਇਸ ਵਿੱਚ ਇਕ ਉਈਗਰ ਨੌਜਵਾਨ ਆਪਣੇ ਸਾਥੀਆਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਾ ਦਿਖਾਈ-ਸੁਣਾਈ ਦਿੰਦਾ ਹੈ। ਵੀਡੀਓ ਵਿੱਚ ਅਮਰੀਕਾ, ਚੀਨ, ਰੂਸ ਅਤੇ ਦੁਨੀਆ ਦੇ ਹਰ ਹਿੱਸੇ ਵਿੱਚ ਇਸਲਾਮ ਦਾ ਝੰਡਾ ਬੁਲੰਦ ਕਰਨ ਦੀ ਗੱਲ ਕਹੀ ਗਈ ਹੈ ਤੇ ਸਿਨਜਿਆਂਗ ਰਾਜ ਦੀ ਜ਼ਮੀਨ ਨੂੰ ਉਈਗਰ ਲੋਕਾਂ ਦੇ ਖੂਨ ਨਾਲ ਲਾਲ ਕਰਨ ਦੀ ਗੱਲ ਵੀ ਕਹਿ ਕੇ ਇਸ ਦਾ ਬਦਲਾ ਲੈਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਬੋਲਣ ਵਾਲੇ ਦਾ ਉਚਾਰਨ ਤੇ ਭਾਸ਼ਾ ਯਾਰਕੰਦ ਦੇ ਲੋਕਾਂ ਵਰਗੀ ਹੈ, ਜੋ ਸਿਨਜਿਆਂਗ ਰਾਜ ਦੇ ਕਾਸ਼ਗਰ ਦੇ ਨੇੜੇ ਦਾ ਇਲਾਕਾ ਹੈ। ਵੀਡੀਓ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਸਰਕਾਰ ਦੇ ਬਾਰੇ ਜ਼ਹਿਰ ਉਗਲਿਆ ਅਤੇ ਕਿਹਾ ਗਿਆ ਹੈ ਕਿ ਲੰਬੇ ਸਮੇਂ ਤਕ ਸ਼ੋਸ਼ਣ ਕਾਰਨ ਅੱਖਾਂ ਵਿੱਚ ਜਿਹੜੇ ਅੱਥਰੂ ਵਗਦੇ ਹਨ, ਅਸੀਂ ਉਨ੍ਹਾਂ ਦੇ ਬਦਲੇ ਅੱਲ੍ਹਾ ਦੀ ਮਰਜ਼ੀ ਨਾਲ ਚੀਨ ਦੀਆਂ ਨਦੀਆਂ ਵਿੱਚ ਖੂਨ ਵਹਾਵਾਂਗੇ।
There are no comments at the moment, do you want to add one?
Write a comment