ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੀਆਂ ਦੀ ਸਾਲਾਨਾ ਗਿਣਤੀ ‘ਚ 48 ਫੀਸਦੀ ਵਾਧਾ

ਅੰਮ੍ਰਿਤਸਰ, 9 ਮਈ (ਪੰਜਾਬ ਮੇਲ)- ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਚ ਯਾਤਰੀਆਂ ਦੀ ਗਿਣਤੀ ‘ਚ ਵਿੱਤੀ ਸਾਲ 2017-18 ਵਿਚ 48.1 ਫੀਸਦੀ ਨਾਲ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਸੰਬੰਧ ਵਿਚ ਹਵਾਬਾਜ਼ੀ ਮਾਹਿਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਯੋਗੇਸ਼ ਕਾਮਰਾ ਨੇ ਕਿਹਾ ਕਿ ਹਵਾਈ ਅੱਡੇ ਨੇ ਕੁੱਲ 23.2 ਲੱਖ ਮੁਸਾਫਿਰਾਂ ਨੂੰ ਦਰਜ ਕੀਤਾ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 7.6 ਲੱਖ ਜ਼ਿਆਦਾ ਹਨ। ਸਾਲ 2016-17 ਵਿਚ ਕੁੱਲ 15.6 ਲੱਖ ਯਾਤਰੀਆਂ ਨੇ ਯਾਤਰਾ ਕੀਤੀ ਸੀ।
ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਹਾਲ ਦੀ ਸਾਲਾਨਾ ਆਵਾਜਾਈ ਰਿਪੋਰਟ ਅਨੁਸਾਰ ਮਾਰਚ ਵਿਚ ਖਤਮ ਹੋਏ ਵਿੱਤੀ ਸਾਲ 2017-18 ਵਿਚ ਕੁੱਲ 48.1 ਫੀਸਦੀ ਵਾਧੇ ਦੇ ਨਾਲ ਰਾਜਾਸਾਂਸੀ ਹਵਾਈ ਅੱਡਾ ਦੇਸ਼ ਦੇ 34 ਹਵਾਈ ਅੱਡਿਆਂ ਵਿਚ ਨੰਬਰ ਇੱਕ ਸਥਾਨ ‘ਤੇ ਰਿਹਾ।
ਘਰੇਲੂ ਤੇ ਕੌਮਾਂਤਰੀ ਯਾਤਰੀਆਂ ਦੀ ਹੋ ਰਹੀ ਅਸਾਧਾਰਨ ਵਾਧਾ ਭਵਿੱਖ ਵਿਚ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਦੱਸਿਆ ਕਿ ਸਾਲ 2018-19 ਦੌਰਾਨ ਰਾਜਾਸਾਂਸੀ (ਅੰਮ੍ਰਿਤਸਰ) ਹਵਾਈ ਅੱਡੇ ‘ਚ 30 ਲੱਖ ਦੇ ਲਗਭਗ ਯਾਤਰੀਆਂ ਦੀ ਆਵਾਜਾਈ ਹੋ ਜਾਣ ਦੀ ਸੰਭਾਵਨਾ ਹੈ।
ਕਾਮਰਾ ਨੇ ਇਹ ਵੀ ਕਿਹਾ ਕਿ ਰਾਜਾਸਾਂਸੀ ਹਵਾਈ ਅੱਡੇ ਲਈ ਦੁਵੱਲੇ ਹਵਾਈ ਸਮਝੌਤਿਆਂ ‘ਚ ਰੁਕਾਵਟਾਂ ਦੇ ਕਾਰਨ ਕੇਂਦਰ ਸਰਕਾਰ ਵੱਲੋਂ ਹਵਾਈ ਅੱਡੇ ਦੀ ਕੁਨੈਕਟੀਵਿਟੀ ਨੂੰ ਹੁਣ ਤੱਕ ਸਹੂਲਤ ਪ੍ਰਦਾਨ ਨਹੀਂ ਹੋ ਸਕੀ। ਦੁਵੱਲੇ ਹਵਾਈ ਸਮਝੌਤੇ ਦੁਬੱਈ, ਆਬੂਧਾਬੀ, ਓਮਾਨ, ਤੁਰਕੀ, ਕੁਵੈਤ, ਸਾਊਦੀ ਅਰਬ, ਬਹਿਰੀਨ ਆਧਾਰਿਤ ਉਡਾਣਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਡਾਣਾਂ ਸੰਚਾਲਿਤ ਕਰਨ ਤੋਂ ਰੋਕਦੇ ਹਨ। ਦੂਜੇ ਪਾਸੇ ਜੈਪੁਰ, ਲਖਨਊ, ਕੋਚੀ, ਕੋਝੀਕੋਡ, ਕਾਲੀਕਟ, ਮੈਂਗਲੋਰ ਆਦਿ ਟੀਅਰ-2 ਕੌਮਾਂਤਰੀ ਹਵਾਈ ਅੱਡਿਆਂ ਨੂੰ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੇਸ਼ਾਂ ਤੋਂ ਉਡਾਣਾਂ ਸੰਚਾਲਿਤ ਕਰਨ ਦੀ ਆਗਿਆ ਹੈ।
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਤੇ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਗੁਰੂ ਨਗਰੀ ਦੇ ਹਵਾਈ ਅੱਡੇ ਨੂੰ ਬਾਹਰਲੇ ਮੁਲਕਾਂ ਦੀਆਂ ਹਵਾਈ ਕੰਪਨੀਆਂ ਨੂੰ ਉਡਾਣਾਂ ਸ਼ੁਰੂ ਕਰਨ ਦੀ ਇਜ਼ਾਜਤ ਦੇਣ ਬਾਰੇ ਵਿਦੇਸ਼ ਤੇ ਹਵਾਬਾਜੀ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ। ਇਸ ਵੇਲੇ ਕੈਨੇਡਾ ਤੇ ਅਮਰੀਕਾ ਵਸਦੇ ਪੰਜਾਬੀ ਸਿਰਫ ਕਤਰ ਏਅਰਵੇਜ਼ ਦੀ ਉਡਾਣ ‘ਤੇ ਦੋਹਾਂ ਰਾਹੀ ਸਿੱਧਾ ਅੰਮ੍ਰਿਤਸਰ ਆ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੂਰਪ ਤੇ ਉਤਰੀ ਅਮਰੀਕਾ ਦੇ ਦੇਸ਼ਾਂ ਦੇ ਮੁਸਾਫਰਾਂ ਕੋਲ ਵਿਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਘੱਟ ਹੋਣ ਕਰਕੇ ਕਤਰ ਏਅਰਵੇਜ਼ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਤੇ ਉਨ੍ਹਾਂ ਨੂੰ ਦਿੱਲੀ ਵੱਲ ਯਾਤਰਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵੱਧ ਖ਼ਰਚਾ ਕਰਕੇ ਮੁੜ ਦਿੱਲੀ ਤੋਂ ਅੰਮ੍ਰਿਤਸਰ ਆਉਣਾ ਪੈਂਦਾ ਹੈ। ਜੇਕਰ ਅਰਬ ਮੁਲਕਾਂ ਦੀਆਂ ਕੰਪਨੀਆਂ ਨੂੰ ਇਥੇ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਐਮੀਰੇਟਜ਼, ਏਤੀਹਾਦ ਤੇ ਹੋਰ ਵੱਡੀਆਂ ਕੰਪਨੀਆ ਕੈਨੇਡਾ, ਅਮਰੀਕਾ, ਯੂਰਪ ਤੋਂ ਆਪਣੇ ਮੁਲਕਾਂ ਰਾਹੀਂ ਸਿੱਧੀਆਂ ਅੰਮਿਤਸਰ ਨੂੰ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ, ਜਿਸ ਨਾਲ ਪੰਜਾਬੀਆਂ ਦਾ ਸਮਾਂ ਤੇ ਪੈਸਾ ਵੀ ਘੱਟ ਲੱਗੇਗਾ।