ਅੰਮ੍ਰਿਤਸਰ, 17 ਮਈ (ਪੰਜਾਬ ਮੇਲ)- ਕੁਝ ਦਿਨਾਂ ਦੀ ਰਾਹਤ ਮਗਰੋਂ ਅੰਮ੍ਰਿਤਸਰ ‘ਚ ਫਿਰ ਤੋਂ ਕੋਰੋਨਾ ਨੇ ਕਹਿਰ ਵਰ੍ਹਾ ਦਿੱਤਾ ਹੈ। ਅੰਮ੍ਰਿਤਸਰ ‘ਚੋਂ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਕੌਮਾਂਤਰੀ ਏਅਰਪੋਰਟ ‘ਤੇ ਆਈ ਫਲਾਈਟ ‘ਚੋਂ ਅੰਮ੍ਰਿਤਸਰ ਦੇ ਰਹਿਣ ਵਾਲੇ 3 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਇਲਾਵਾ ਇਨ੍ਹਾਂ ਯਾਤਰੀਆਂ ਦੇ ਨਾਲ ਸਫਰ ਕਰਨ ਵਾਲੇ ਹੋਰ ਜ਼ਿਲ੍ਹੇ ਨਾਲ ਸਬੰਧਤ 20 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਫਿਲਹਾਲ ਤਿੰਨੋਂ ਮਰੀਜ਼ਾਂ ਨੂੰ ਜਿੱਥੇ ਸਿਹਤ ਵਿਭਾਗ ਵੱਲੋਂ ਸਰਕਾਰੀ ਕੇਂਦਰ ‘ਚ ਰੱਖਿਆ ਗਿਆ ਹੈ, ਉਥੇ ਹੀ 20 ਯਾਤਰੀਆਂ ਨੂੰ ਕੋਰੋਨਾਵਾਇਰਸ ਸਬੰਧੀ ਡਿਸਚਾਰਜ ਪਾਲਿਸੀ ਦੀ ਗਾਈਡਲਾਈਨਜ਼ ਦੇ ਅਨੁਸਾਰ ਸਵਾਮੀ ਵਿਵੇਕਾਨੰਦ ਕੇਂਦਰ ‘ਚ ਰੱਖਿਆ ਗਿਆ ਹੈ। 20 ਯਾਤਰੀਆਂ ‘ਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਹੈ ਪਰ 3 ਯਾਤਰੀਆਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਅੰਮ੍ਰਿਤਸਰ ‘ਚ ਹਣ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 304 ਹੋ ਗਿਆ ਹੈ। ਇਨ੍ਹਾਂ ‘ਚੋਂ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4 ਕੋਰੋਨਾ ਪਾਜ਼ੀਟਿਵ ਮਰੀਜ਼ ਜ਼ਿਲ੍ਹੇ ਦੇ ਸਰਕਾਰੀ ਹਸਤਾਲ ‘ਚ ਇਲਾਜ ਅਧੀਨ ਹਨ।