ਅਫ਼ਗਾਨ ਸਿੱਖਾਂ ਦੀ ਬਾਂਹ ਫੜੇ ਭਾਰਤ ਸਰਕਾਰ: ਭੁਪਿੰਦਰ ਸਿੰਘ ਖ਼ਾਲਸਾ

509
Share

ਕੈਨਟਨ (ਮਿਸ਼ੀਗਨ), 20 ਮਈ (ਪੰਜਾਬ ਮੇਲ)- ਭੁਪਿੰਦਰ ਸਿੰਘ ਖ਼ਾਲਸਾ, ਸੀਨੀਅਰ ਅਕਾਲੀ ਲੀਡਰ (ਯੂ.ਐੱਸ.ਏ.) ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ਪਾਸ ਕੀਤੇ ਗਏ ਸੀ.ਏ.ਏ. ਕਾਨੂੰਨ ਅਧੀਨ ਅਫ਼ਗਾਨਿਸਤਾਨ ਵਿਚਲੇ ਸਿੱਖਾਂ ਨੂੰ ਭਾਰਤ ਆਉਣ ਲਈ ਵੀਜ਼ੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿਚ ਖ਼ਾਲਸਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ 200 ਸਾਲ ਤੋਂ ਸਿੱਖ ਰਹਿੰਦੇ ਆ ਰਹੇ ਹਨ। ਰੂਸੀ ਹਮਲੇ ਤੋਂ ਪਹਿਲਾਂ ਹਿੰਦੂ ਤੇ ਸਿੱਖਾਂ ਦੀ ਅਫ਼ਗਾਨਿਸਤਾਨ ਵਿਚ ਆਬਾਦੀ ਇੱਕ ਲੱਖ ਦੇ ਕਰੀਬ ਸੀ। ਹਾਲਾਤ ਖਰਾਬ ਹੋਣ ਕਰਕੇ 1992 ਵਿਚ 15 ਹਜ਼ਾਰ ਹਿੰਦੂ ਤੇ ਸਿੱਖ ਪਰਿਵਾਰ ਭਾਰਤ ਆ ਗਏ ਤੇ ਪਿੱਛੇ 3 ਹਜ਼ਾਰ ਦੇ ਕਰੀਬ ਹਿੰਦੂ ਸਿੱਖ ਕਾਬਲ ਰਹਿ ਗਏ। 2012 ਵਿਚ ਹਾਲਾਤ ਬਹੁਤ ਖ਼ਰਾਬ ਹੋ ਗਏ। ਤਾਲਿਬਾਨ ਨੇ ਹਿੰਦੂ ਸਿੱਖਾਂ ‘ਤੇ ਸਰਕਾਰੀ ਨੌਕਰੀਆਂ ਕਰਨ ‘ਤੇ ਪਾਬੰਦੀ ਲਾ ਦਿੱਤੀ। ਉਨ੍ਹਾਂ ਨੂੰ ਆਪਣੀ ਵੱਖਰੀ ਪਛਾਣ ਦਰਸਾਉਣ ਲਈ ਹੱਥਾਂ ਵਿਚ ਪੀਲੇ ਬੈਂਡ ਬੰਨਣ ਤੇ ਕਾਰੋਬਾਰੀ ਸਥਾਨਾਂ ‘ਤੇ ਪੀਲੇ ਝੰਡੇ ਲਹਿਰਾਉਣ ਦੇ ਹੁਕਮ ਦਿੱਤੇ ਗਏ। ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਹੋ ਰਹੇ ਹਨ। ਉਨ੍ਹਾਂ ਨੂੰ ਸਸਕਾਰ ਕਰਨ ਵਿਚ ਵੀ ਪੁਲਿਸ ਦੀ ਮਦਦ ਲੈਣੀ ਪੈਂਦੀ ਹੈ। ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਾਬਲ ਵਿਚ 7 ਗੁਰਦੁਆਰੇ ਸਨ ਪਰ ਹੁਣ ਕੇਵਲ ਇੱਕ ਗੁਰਦੁਆਰਾ ਰਹਿ ਗਿਆ ਹੈ। ਇਸ ਸਮੇਂ 600 ਦੇ ਕਰੀਬ ਸਿੱਖ ਕਾਬਲ ਵਿਚ ਫਸੇ ਹੋਏ ਹਨ, ਜਿਨ੍ਹਾਂ ਨੂੰ ਫੌਰੀ ਕੱਢਣ ਦੀ ਲੋੜ ਹੈ।


Share