ਅਫ਼ਗਾਨਿਸਤਾਨ ਦੀ ਮਸਜਿਦ ’ਤੇ ਫਿਦਾਈਨ ਹਮਲਾ ’ਚ 37 ਮੌਤਾਂ; 70 ਤੋਂ ਵੱਧ ਜ਼ਖਮੀ

797
ਘਟਨਾ ਸਥਾਨ ’ਤੇ ਇਕੱਠੇ ਲੋਕ।
Share

* ਸ਼ੀਆ ਮਸਜਿਦ ਨੂੰ ਬਣਾਇਆ ਗਿਆ ਨਿਸ਼ਾਨਾ, ਆਈ.ਐੱਸ. ’ਤੇ ਸ਼ੱਕ ਜ਼ਾਹਿਰ
ਕਾਬੁਲ, 16 ਅਕਤੂਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਵਿਚ ਇਕ ਫਿਦਾਈਨ ਹਮਲੇ ’ਚ ਸ਼ੀਆ ਮੁਸਲਿਮ ਭਾਈਚਾਰੇ ਦੀ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਵੇਲੇ ਮਸਜਿਦ ’ਚ ਵੱਡੀ ਗਿਣਤੀ ਨਮਾਜ਼ੀ ਮੌਜੂਦ ਸਨ ਤੇ 37 ਜਣਿਆਂ ਦੀ ਮੌਤ ਹੋ ਗਈ ਹੈ। 70 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਸ ਤੋਂ ਹਫ਼ਤਾ ਪਹਿਲਾਂ ਇਕ ਹੋਰ ਸ਼ੀਆ ਮਸਜਿਦ ’ਚ ਹੋਏ ਬੰਬ ਧਮਾਕੇ ਵਿਚ 46 ਜਣੇ ਮਾਰੇ ਗਏ ਸਨ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਚਾਰ ਬੰਬਾਰਾਂ ਨੇ ਮਸਜਿਦ ਨੂੰ ਨਿਸ਼ਾਨਾ ਬਣਾਇਆ। ਦੋ ਜਣਿਆਂ ਨੂੰ ਖ਼ੁਦ ਨੂੰ ਗੇਟ ਉਤੇ ਉਡਾ ਲਿਆ ਤੇ ਦੋ ਹੋਰਾਂ ਨੇ ਅੰਦਰ ਜਾ ਕੇ ਇਸੇ ਤਰ੍ਹਾਂ ਕੀਤਾ। ਖ਼ਬਰ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਨਮਾਜ਼ ਮੌਕੇ ਮਸਜਿਦ ’ਚ ਕਰੀਬ 500 ਵਿਅਕਤੀ ਆਉਂਦੇ ਹਨ। ਬੰਬ ਧਮਾਕੇ ਲਈ ਆਈ.ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਤਾਲਿਬਾਨ ਵੱਲੋਂ ਦੇਸ਼ ’ਤੇ ਕਬਜ਼ੇ ਤੋਂ ਬਾਅਦ ਅੱਤਵਾਦੀ ਸੰਗਠਨ ਨੇ ਕਈ ਥਾਈਂ ਧਮਾਕੇ ਕੀਤੇ ਹਨ। ਇਸਲਾਮਿਕ ਸਟੇਟ (ਆਈ.ਐੱਸ.) ਜੋ ਕਿ ਤਾਲਿਬਾਨ ਦੀ ਸੱਤਾ ਦੇ ਖ਼ਿਲਾਫ਼ ਹੈ, ਸ਼ੀਆ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਵਿਰੋਧੀ ਹੈ। ਤਾਲਿਬਾਨ ਤੇ ਆਈ.ਐੱਸ. ਸੁੰਨੀ ਮੁਸਲਮਾਨ ਹੋਣ ਦੇ ਬਾਵਜੂਦ ਵਿਚਾਰਧਾਰਕ ਤੌਰ ’ਤੇ ਵੰਡੇ ਹੋਏ ਹਨ, ਕਈ ਮੌਕਿਆਂ ਉਤੇ ਕਈ-ਦੂਜੇ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਹਾਲਾਂਕਿ ਤਾਲਿਬਾਨ ਨੇ ਸ਼ੀਆ ਭਾਈਚਾਰੇ ਦੀ ਰਾਖੀ ਦਾ ਅਹਿਦ ਲਿਆ ਹੈ।

Share