ਅਲ-ਕਾਇਦਾ ਦੇ ਮਸ਼ਕੂਕ ਦਹਿਸ਼ਤਗਰਦ ਜ਼ੀਸ਼ਾਨ ਅਲੀ ਦਾ 14-ਰੋਜ਼ਾ ਪੁਲਿਸ ਰਿਮਾਂਡ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਸਾਊਦੀ ਅਰਬ ਵੱਲੋਂ ਭਾਰਤ ਵਾਪਸ ਭੇਜੇ ਜਾਣ ’ਤੇ ਬੀਤੀ ਰਾਤ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਲ-ਕਾਇਦਾ ਦੇ ਮਸ਼ਕੂਕ ਦਹਿਸ਼ਤਗਰਦ ਜ਼ੀਸ਼ਾਨ ਅਲੀ ਨੂੰ ਅਦਾਲਤ ਨੇ ਅੱਜ ਪੁੱਛ-ਗਿੱਛ ਲਈ 14-ਰੋਜ਼ਾ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ। ਉਸ ਉਤੇ ਭਾਰਤ ਖ਼ਿਲਾਫ਼ ਭੜਕਾਊ ਤਕਰੀਰਾਂ ਰਾਹੀਂ ਭਾਰਤੀ ਨੌਜਵਾਨਾਂ ਨੂੰ ਦਹਿਸ਼ਤਗਰਦੀ ਲਈ ਭਰਤੀ ਕਰਨ ਅਤੇ ਮੁਲਕ ਵਿੱਚ ਆਪਣੀ ਅਤਿਵਾਦੀ ਜਥੇਬੰਦੀ ਦਾ ਢਾਂਚਾ ਕਾਇਮ ਕਰਨ ਦੀਆਂ ਕੋਸਿਸ਼ਾਂ ਲਈ ਕਥਿਤ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਐਡੀਸ਼ਨਲ ਸੈਸ਼ਨ ਜੱਜ ਸਿਧਾਰਥ ਸਿੰਘ ਨੇ ਜ਼ੀਸ਼ਾਨ ਦਾ ਦੋ ਹਫ਼ਤਿਆਂ ਦਾ ਪੁਲਿਸ ਰਿਮਾਂਡ ਦੇ ਦਿੱਤਾ, ਕਿਉਂਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਹਾ ਸੀ ਕਿ ਉਸ ਤੋਂ ਕਾਫ਼ੀ ਪੁੱਛ-ਗਿੱਛ ਕੀਤੀ ਜਾਣੀ ਹੈ। ਅਲੀ ਸਣੇ 11 ਦਹਿਸ਼ਤਗਰਦਾਂ ਦੇ ਨਾਂ ਸੁਰੱਖਿਆ ਏਜੰਸੀਆਂ ਨੂੰ ਸਈਦ ਅੰਜ਼ਾਰ ਸ਼ਾਹ ਤੇ ਚਾਰ ਹੋਰ ਮਸ਼ਕੂਕ ਦਹਿਸ਼ਤਗਰਦਾਂ – ਮੁਹੰਮਦ ਆਸਿਫ਼, ਜ਼ਫ਼ਰ ਮਸੂਦ, ਮੁਹੰਮਦ ਅਬਦੁਲ ਰਹਿਮਾਨ ਤੇ ਅਬਦੁਲ ਸਾਮੀ ਨੇ ਦੱਸੇ ਹਨ, ਜਿਨ੍ਹਾਂ ਨੂੰ ਇਸੇ ਕੇਸ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਨੇ ਇਹ ਕਹਿੰਦਿਆਂ ਉਸ ਦੇ 20-ਰੋਜ਼ਾ ਰਿਮਾਂਡ ਦੀ ਮੰਗ ਕੀਤੀ ਸੀ ਕਿ ਉਸ ਨੂੰ ਜਾਂਚ ਦੇ ਮੁਤੱਲਕ ਵੱਖ-ਵੱਖ ਥਾਵਾਂ ’ਤੇ ਲਿਜਾਣਾ ਹੈ। ਇਸ ਦਾ ਮੁਲਜ਼ਮ ਵੱਲੋਂ ਪੇਸ਼ ਵਕੀਲ ਐਮ.ਐਸ. ਖ਼ਾਨ ਨੇ ਵਿਰੋਧ ਕੀਤਾ। ਦਿੱਲੀ ਪੁਲਿਸ ਨੂੰ ਜ਼ੀਸ਼ਾਨ ਦੀ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਤਲਾਸ਼ ਸੀ, ਜਦੋਂ 2015 ਵਿੱਚ ਏਕਿਊਆਈਐਸ (ਭਾਰਤੀ ਉਪਮਹਾਂਦੀਪੀ ਅਲ-ਕਾਇਦਾ) ਦੇ ਤਿੰਨ ਅਤਿਵਾਦੀ ਫੜੇ ਗਏ ਸਨ।