ਅਲਬਾਮਾ ਦੇ ਸਕੂਲਾਂ ’ਚ ਯੋਗਾ ’ਤੇ 28 ਸਾਲਾਂ ਤੋਂ ਲੱਗੀ ਰੋਕ ਪਹਿਲਾਂ ਵਾਂਗ ਰਹੇਗੀ ਜਾਰੀ

36
Share

-ਅਲਬਾਮਾ ਸੈਨੇਟ ਦੀ ਜੁਡੀਸ਼ੀਅਰੀ ਕਮੇਟੀ ਨੇ ਬਿੱਲ ਮੁੜ ਰੋਕਿਆ
ਅਲਬਾਮਾ, 7 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੂਬੇ ਅਲਬਾਮਾ ਨੇ ਉਸ ਯੋਗਾ ਬਿਲ ਨੂੰ ਰੋਕ ਦਿੱਤਾ ਹੈ, ਜਿਸ ਰਾਹੀਂ ਕਈ ਦਹਾਕੇ ਪਹਿਲਾਂ ਸਰਕਾਰੀ ਸਕੂਲਾਂ ’ਚ ਯੋਗਾ ਅਭਿਆਸ ਕਰਨ ’ਤੇ ਲਾਈ ਰੋਕ ਹਟਾਈ ਜਾਣੀ ਸੀ। ਇੰਝ ਇਸ ਰਾਜ ਦੇ ਸਕੂਲਾਂ ’ਚ ਯੋਗਾ ਅਭਿਆਸ ਉੱਤੇ ਰੋਕ ਪਹਿਲਾਂ ਵਾਂਗ ਜਾਰੀ ਰਹੇਗੀ। ਦਰਅਸਲ ਪੁਰਾਣੇ ਖ਼ਿਆਲਾਤ ਵਾਲੇ ਕੁਝ ਸਮੂਹਾਂ ਨੇ ਇਸ ਡਰ ਤੋਂ ਸਕੂਲਾਂ ’ਚ ਯੋਗਾ ਅਭਿਆਸ ਉੱਤੇ ਪਾਬੰਦੀ ਲਗਵਾ ਦਿੱਤੀ ਸੀ ਕਿ ਕਿਤੇ ‘ਇਸ ਅਭਿਆਸ ਦੀ ਆੜ ਵਿਚ ਬੱਚਿਆਂ ਦਾ ਧਰਮ ਪਰਿਵਰਤਨ ਕਰਕੇ ਉਨ੍ਹਾਂ ਨੂੰ ਹਿੰਦੂ ਨਾ ਬਣਾ ਦਿੱਤਾ ਜਾਵੇ।’
ਪੁਰਾਣੇ ਖ਼ਿਆਲਾਂ ਵਾਲੇ ਕੁਝ ਸਮੂਹਾਂ ਦੇ ਦਬਾਅ ਅੱਗੇ ਝੁਕਦਿਆਂ ਅਲਬਾਮਾ ਦੇ ਸਿੱਖਿਆ ਬੋਰਡ ਨੇ 1993 ’ਚ ਯੋਗਾ ’ਤੇ ਪਾਬੰਦੀ ਲਾ ਦਿੱਤੀ ਸੀ। ਪਿਛਲੇ ਵਰ੍ਹੇ ਸੂਬੇ ਦੇ ਡੈਮੋਕ੍ਰੈਟਿਕ ਵਿਧਾਇਕ ਜੈਰੇਮੀ ਗ੍ਰੇਅ ਨੇ ਇੱਕ ਯੋਗਾ ਬਿੱਲ ਪੇਸ਼ ਕੀਤਾ ਸੀ ਤੇ ਇਸ ਸੂਬੇ ਦੀ ਵਿਧਾਨ ਸਭਾ ਨੇ 17 ਦੇ ਮੁਕਾਬਲੇ 84 ਵੋਟਾਂ ਨਾਲ ਉਸ ਨੂੰ ਪਾਸ ਵੀ ਕਰ ਦਿੱਤਾ ਸੀ।
ਫਿਰ ਇਹ ਬਿੱਲ ਪ੍ਰਵਾਨਗੀ ਲਈ ਸੂਬੇ ਦੀ ਸੈਨੇਟ ਕੋਲ ਭੇਜਿਆ ਗਿਆ ਕਿ ਤਾਂ ਜੋ ਸਕੂਲਾਂ ’ਚ ਯੋਗਾ ਦੇ ਅਭਿਆਸ ਉੱਤੇ ਪਿਛਲੇ 28 ਸਾਲਾਂ ਤੋਂ ਲੱਗੀ ਪਾਬੰਦੀ ਹਟਾਈ ਜਾ ਸਕੇ।
ਪਰ ਸੈਨੇਟ ਦੀ ਜੁਡੀਸ਼ੀਅਰੀ ਕਮੇਟੀ ਨੇ ਇਹ ਬਿੱਲ ਮੁੜ ਰੋਕ ਦਿੱਤਾ ਕਿ ਪੁਰਾਣੇ ਖ਼ਿਆਲਾਤ ਵਾਲੇ ਕੁਝ ਮਸੀਹੀ ਲੋਕਾਂ ਤੇ ਜੱਥੇਬੰਦੀਆਂ ਨੇ ਇਸ ਵਿਰੁੱਧ ਦੋਬਾਰਾ ਮੁਹਿੰਮ ਛੇੜ ਦਿੱਤੀ ਸੀ। ਵਿਰੋਧ ਕਰਨ ਵਾਲਿਆਂ ’ਚ ਅਲਬਾਮਾ ਦੇ ਸਾਬਕਾ ਚੀਫ਼ ਜਸਟਿਸ ਰਾਏ ਮੂਰ ਦੀ ‘ਫ਼ਾਊਂਡੇਸ਼ਨ ਫ਼ਾਰ ਮੌਰਲ ਲਾਅ’ ਵੀ ਸ਼ਾਮਲ ਸੀ। ਦਲੀਲ ਉਹੀ ਦਿੱਤੀ ਗਈ ਕਿ ਸਕੂਲਾਂ ’ਚ ਯੋਗਾ ਅਭਿਆਸ ਨਾਲ ਬੱਚਿਆਂ ਦੇ ਹਿੰਦੂ ਧਰਮ ’ਚ ਬਦਲੇ ਜਾਣ ਦਾ ਡਰ ਬਣਿਆ ਰਹੇਗਾ।
ਇਸ ਬਿਲ ਦਾ ਵਿਰੋਧ ਕਰਦਿਆਂ ਕੰਜ਼ਰਵੇਟਿਵ ਕਾਰਕੁੰਨ ਬੈੱਕੀ ਗੈਰਿਟਿਸਨ ਨੇ ਕਿਹਾ ਕਿ ਯੋਗਾ ਅਸਲ ’ਚ ਹਿੰਦੂ ਧਰਮ ਦੇ ਅਭਿਆਸ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਹੋਰ ਵੀ ਕਈ ਕਿ੍ਰਸਚੀਅਨ ਸਮੂਹਾਂ ਨੇ ਇਹੋ ਕਿਹਾ ਕਿ ਯੋਗਾ ਅਭਿਆਸ ਲਿਆ ਕੇ ਸਕੂਲਾਂ ਵਿਚ ਹਿੰਦੂ ਧਰਮ ਦੀ ਸ਼ੁਰੂਆਤ ਹੋ ਜਾਵੇਗੀ।
ਇਹ ਬਿਲ ਲਿਆਉਣ ਵਾਲੇ ਐਥਲੀਟ ਜੈਰੇਮੇ ਗ੍ਰੇਅ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਯੋਗਾ ਅਭਿਆਸ ਕਰਦੇ ਆ ਰਹੇ ਹਨ ਤੇ ਉਨ੍ਹਾਂ 5 ਸਾਲ ਇਹ ਯੋਗਾ ਵਿਸ਼ਾ ਪੜ੍ਹਾਇਆ ਵੀ ਹੈ। ‘ਪਰ ਫਿਰ ਵੀ ਮੈਂ ਹਰ ਐਤਵਾਰ ਨੂੰ ਬੈਪਟਿਸਟ ਚਰਚ ਜ਼ਰੂਰ ਜਾਂਦਾ ਹਾਂ।’

Share