ਵੈਲਹਰਮੋਸੋ ਸਪ੍ਰਿੰਗ, 5 ਜੂਨ (ਪੰਜਾਬ ਮੇਲ)- ਅਲਬਾਮਾ ‘ਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੇ ਬਾਰੇ ਮਿਲੀ ਸੂਚਨਾ ‘ਤੇ ਕਾਰਵਾਈ ਕਰਨ ਲਈ ਅਧਿਕਾਰੀ ਜਦੋਂ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਘਰ ਵਿਚ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਸਾੜ ਦਿੱਤਾ ਗਿਆ ਸੀ। ਸਥਾਨਕ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਹੈ।
ਡਬਲਯੂ.ਐੱਚ.ਐੱਨ.ਟੀ.-ਟੀ.ਵੀ. ਮੁਤਾਬਕ ਦਮਕਲ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਕਰਮਚਾਰੀਆਂ ਨੇ ਘਰ ਵਿਚ ਲੱਗੀ ਅੱਗ ਬੁਝਾ ਦਿੱਤੀ ਸੀ। ਮੋਰਗਨ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਮਾਈਕ ਸਵਾਫੋਰਡ ਨੇ ਦੱਸਿਆ ਕਿ ਇਹ ਬਹੁਤ ਭਿਆਨਕ ਨਜ਼ਾਰਾ ਸੀ ਤੇ ਇਸ ਮਾਮਲੇ ਦੀ ਜਾਂਚ ਵਿਚ ਕੁਝ ਸਮਾਂ ਲੱਗੇਗਾ। ਡਬਲਯੂ.ਏ.ਐੱਫ.ਐੱਫ.-ਟੀ.ਵੀ. ਦੀ ਰਿਪੋਰਟ ਮੁਤਾਬਕ ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਚਾਰ ਪੁਰਸ਼ਾਂ ਤੇ ਤਿੰਨ ਮਹਿਲਾਵਾਂ ਨੂੰ ਗੋਲੀ ਮਾਰੀ ਗਈ ਸੀ। ਮੋਰਗਨ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਫੇਸਬੁੱਕ ਪੋਸਟ ਦੇ ਰਾਹੀਂ ਕਿਹਾ ਕਿ ਘਟਨਾ ਨੂੰ ਕਤਲਕਾਂਡ ਮੰਨ ਕੇ ਜਾਂਚ ਕੀਤੀ ਜਾਵੇਗੀ। ਡਬਲਿਊ.ਏ.ਏ.ਵਾਈ.-ਟੀ.ਵੀ. ਦੀ ਰਿਪੋਰਟ ਮੁਤਾਬਕ ਗੁਆਂਢੀਆਂ ਨੇ ਗੋਲੀਬਾਰੀ ਦੀ ਆਵਾਜ਼ ਸੁਣ ਕੇ 911 ਨੰਬਰ ‘ਤੇ ਫੋਨ ਕੀਤਾ।