ਅਮਰੁੱਲਾਹ ਸਾਲੇਹ ਨੇ ਖੁਦ ਨੂੰ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ

560
Share

ਕਾਬੁਲ, 18 ਅਗਸਤ (ਪੰਜਾਬ ਮੇਲ)- ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਖੁਦ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਕਰ ਦਿੱਤਾ ਹੈ। ਸਾਲੇਹ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਅਨੁਸਾਰ, ਰਾਸ਼ਟਰਪਤੀ ਦੀ ਗੈਰ-ਹਾਜ਼ਰੀ, ਪਲਾਇਨ, ਅਸਤੀਫਾ ਜਾਂ ਮੌਤ ਦੀ ਸਥਿਤੀ ਵਿੱਚ ਪਹਿਲਾ ਉਪ ਰਾਸ਼ਟਰਪਤੀ ਕਾਰਜਕਾਰੀ ਪ੍ਰਧਾਨ ਬਣ ਜਾਂਦਾ ਹੈ। ਮੈਂ ਇਸ ਸਮੇਂ ਆਪਣੇ ਦੇਸ਼ ਵਿਚ ਹਾਂ ਅਤੇ ਜਾਇਜ਼ ਦੇਖਭਾਲ ਕਰਨ ਵਾਲਾ ਰਾਸ਼ਟਰਪਤੀ ਹਾਂ। ਮੈਂ ਸਾਰੇ ਨੇਤਾਵਾਂ ਤੋਂ ਉਨ੍ਹਾਂ ਦੇ ਸਮਰਥਨ ਅਤੇ ਆਮ ਸਹਿਮਤੀ ਲਈ ਸੰਪਰਕ ਕਰ ਰਿਹਾ ਹਾਂ।
ਇਸ ਟਵੀਟ ਤੋਂ ਪਹਿਲਾਂ ਕੀਤੇ ਗਏ ਇੱਕ ਟਵੀਟ ਵਿਚ ਸਾਲੇਹ ਨੇ ਕਿਹਾ ਸੀ ਕਿ ਅਫਗਾਨਿਸਤਾਨ ’ਤੇ ਅਮਰੀਕੀ ਰਾਸ਼ਟਰਪਤੀ ਨਾਲ ਬਹਿਸ ਕਰਨਾ ਬੇਕਾਰ ਹੈ। ਉਨ੍ਹਾਂ ਨੂੰ ਇਹ ਸਭ ਹਜ਼ਮ ਕਰਨ ਦਿਓ। ਸਾਨੂੰ ਅਫਗਾਨਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਅਫਗਾਨਿਸਤਾਨ ਵਿਅਤਨਾਮ ਨਹੀਂ ਹੈ। ਯੂ.ਐੱਸ.-ਨਾਟੋ ਦੇ ਉਲਟ ਅਸੀਂ ਹੌਸਲਾ ਨਹੀਂ ਗੁਆਇਆ ਹੈ ਅਤੇ ਅਸੀਂ ਆਪਣੇ ਸਾਹਮਣੇ ਬੇਹੱਦ ਸੰਭਾਵਨਾਵਾਂ ਵੇਖ ਰਹੇ ਹਾਂ। ਬੇਕਾਰ ਦਾ ਵਿਰੋਧ ਖ਼ਤਮ ਹੋ ਗਿਆ ਹੈ।
ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਅਫਗਾਨ ਅਗਵਾਈ ਨੂੰ ਬਿਨਾਂ ਕਿਸੇ ਸੰਘਰਸ਼ ਦੇ ਤਾਲਿਬਾਨ ਨੂੰ ਸੱਤਾ ਸੌਂਪਣ ਲਈ ਜ਼ਿੰਮੇਦਾਰ ਠਹਿਰਾਇਆ ਅਤੇ ਨਾਲ ਹੀ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਮਰੀਕੀ ਕਰਮਚਾਰੀਆਂ ’ਤੇ ਹਮਲਾ ਕੀਤਾ ਜਾਂ ਦੇਸ਼ ਵਿਚ ਉਨ੍ਹਾਂ ਦੇ ਅਭਿਆਨਾਂ ਵਿਚ ਰੁਕਾਵਟ ਪਹੁੰਚਾਈ, ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ। ਬਾਇਡਨ ਨੇ ਅਫਗਾਨਿਸਤਾਨ ਤੋਂ ਆ ਰਹੀਆਂ ਤਸਵੀਰਾਂ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜੀ ਕਿਸੇ ਅਜਿਹੇ ਲੜਾਈ ਵਿਚ ਨਹੀਂ ਮਰ ਸਕਦੇ, ਜੋ ਅਫਗਾਨ ਫੌਜਾਂ ਆਪਣੇ ਲਈ ਲੜਨਾ ਹੀ ਨਹੀਂ ਚਾਹੁੰਦੇ।

Share