ਅਮਰੀਕੀ ਸੰਸਦ ’ਚ ਪਾਕਿ ਦਾ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਖਤਮ ਕਰਨ ਲਈ ਬਿੱਲ ਪੇਸ਼

61
Share

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਅਮਰੀਕੀ ਸੰਸਦ ’ਚ ਪਾਕਿਸਤਾਨ ਦਾ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਖਤਮ ਕਰਨ ਲਈ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਪੇਸ਼ ਕੀਤਾ ਗਿਆ। 117ਵੇਂ ਸੈਸ਼ਨ ਦੇ ਸ਼ੁਰੂਆਤੀ ਦਿਨ ਰਿਪਬਲਿਕਨ ਸਾਂਸਦ ਐਂਡੀ ਬਿਗਸ ਨੇ ਜਿਹੜਾ ਬਿੱਲ ਪੇਸ਼ ਕੀਤਾ ਹੈ, ਉਸ ਵਿਚ ਪਾਕਿਸਤਾਨ ਦਾ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਖਤਮ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦਰਜੇ ਦੇ ਕਾਰਨ ਪਾਕਿਸਤਾਨ ਨੂੰ ਅਮਰੀਕਾ ਦੀਆਂ ਵੱਧ ਰੱਖਿਆ ਸਪਲਾਈਆਂ ਤੱਕ ਪਹੁੰਚ ਅਤੇ ਸਹਿਯੋਗਾਤਮਕ ਰੱਖਿਆ ਖੋਜ ਤੇ ਵਿਕਾਸ ਪ੍ਰਾਜੈਕਟਾਂ ’ਚ ਹਿੱਸੇਦਾਰੀ ਜਿਹੇ ਵਿਭਿੰਨ ਲਾਭ ਮਿਲਦੇ ਹਨ।
ਬਿੱਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਪਾਕਿਸਤਾਨ ਨੂੰ ਪ੍ਰਮੁੱਖ ਨਾਟੋ ਸਹਿਯੋਗੀ ਦਾ ਉਦੋਂ ਤੱਕ ਦਰਜਾ ਨਹੀਂ ਦੇ ਸਕਦਾ, ਜਦੋਂ ਤੱਕ ਰਾਸ਼ਟਰਪਤੀ ਦਫਤਰ ਇਹ ਸਾਬਤ ਨਹੀਂ ਕਰਦਾ ਕਿ ਪਾਕਿਸਤਾਨ ਆਪਣੇ ਦੇਸ਼ ਵਿਚ ਹੱਕਾਨੀ ਨੈੱਟਵਰਕ ਦੇ ਆਸਰਾਘਰਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਚ ਰੁਕਾਵਟ ਪਾਉਣ ਵਾਲੀਆਂ ਮਿਲਟਰੀ ਮੁਹਿੰਮਾਂ ਚਲਾ ਰਿਹਾ ਹੈ। ਬਿੱਲ ’ਚ ਰਾਸ਼ਟਰਪਤੀ ਨੂੰ ਇਸ ਗੱਲ ਨੂੰ ਸਾਬਤ ਕਰਨ ਦੀ ਵੀ ਗੱਲ ਹੈ ਕਿ ਪਾਕਿਸਤਾਨ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਦੇ ਖਿਲਾਫ਼ ਮੁਕੱਦਮਾ ਚਲਾਉਣ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਦੀ ਦਿਸ਼ਾ ਵਿਚ ਅੱਗ ਵੱਧ ਰਿਹਾ ਹੈ।
ਪਾਕਿਸਤਾਨ ਨੂੰ 2004 ’ਚ ਉਸ ਸਮੇਂ ਦੇ ਰਾਸ਼ਟਰਪਤੀ ਜੌਰਜ ਡਬਲਊ ਬੁਸ਼ ਦੇ ਕਾਰਜਕਾਲ ਵਿਚ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇਸ਼ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਸੀ। ਇਸ ਸਮੇਂ 17 ਦੇਸ਼ ਅਮਰੀਕਾ ਦੇ ਪ੍ਰਮੁੱਖ ਗੈਰ ਨਾਟੋ ਸਹਿਯੋਗੀ ਹਨ। ਅਮਰੀਕਾ ਦੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ 2018 ’ਚ ਪਾਕਿਸਤਾਨ ਨੂੰ ਮਿਲਣ ਵਾਲੀ ਸਾਰੀ ਵਿੱਤੀ ਅਤੇ ਸੁਰੱਖਿਆ ਸਹਾਇਤਾ ਰੋਕ ਦਿੱਤੀ ਸੀ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਪਾਕਿਸਤਾਨ ਦਾ ਪ੍ਰਮੁੱਖ ਗੈਰ ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਖਤਮ ਕਰਨ ’ਤੇ ਵਿਚਾਰ ਵੀ ਕੀਤਾ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਅਮਰੀਕਾ ਨੇ ਭਾਰਤ ਨੂੰ ਪ੍ਰਮੁੱਖ ਰੱਖਿਆ ਹਿੱਸੇਦਾਰ ਦੇਸ਼ ਨਾਮਜ਼ਦ ਕੀਤਾ ਸੀ।

Share