ਅਮਰੀਕੀ ਸੰਘੀ ਜੱਜ ਵੱਲੋਂ ਸਿਹਤ ਬੀਮਾ ਕਾਨੂੰਨ ‘ਤੇ ਰੋਕ

ਪੋਰਟਲੈਂਡ, 6 ਨਵੰਬਰ (ਪੰਜਾਬ ਮੇਲ)-ਅਮਰੀਕਾ ‘ਚ ਪ੍ਰਵਾਸੀਆਂ ਨੂੰ ਵੀਜ਼ਾ ਲੈਣ ਤੋਂ ਪਹਿਲਾਂ ਸਿਹਤ ਬੀਮਾ ਹੋਣ ਸਬੰਧੀ ਸਬੂਤ ਪੇਸ਼ ਕਰਨ ਦਾ ਕਾਨੂੰਨ ਬਣਾਉਣ ਸਬੰਧੀ ਪੋਰਟਲੈਂਡ, ਓਰੇਗਨ ਦੇ ਇਕ ਸੰਘੀ ਜੱਜ ਨੇ ਰੋਕ ਲਾ ਦਿੱਤੀ ਹੈ। ਅਮਰੀਕਾ ਦੇ ਜ਼ਿਲ੍ਹਾ ਜੱਜ ਮਾਈਕਲ ਸਿਮੋਨ ਨੇ ਮੁੱਢਲੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਇਹ ਕਾਨੂੰਨ ਪ੍ਰਭਾਵੀ ਹੋਣ ‘ਤੇ ਰੋਕ ਲੱਗ ਗਈ ਹੈ। ਅਜੇ ਸਪੱਸ਼ਟ ਨਹੀਂ ਹੋਇਆ ਕਿ ਉਹ ਕੇਸ ਦੀ ਯੋਗਤਾ ਬਾਰੇ ਫ਼ੈਸਲਾ ਕਦੋਂ ਸੁਣਾਉਣਗੇ। 7 ਅਮਰੀਕੀ ਨਾਗਰਿਕਾਂ ਅਤੇ ਗ਼ੈਰ-ਲਾਭ ਵਾਲੇ ਸੰਗਠਨਾਂ ਨੇ ਅਪੀਲ ਦਾਇਰ ਕਰਕੇ ਕਿਹਾ ਸੀ ਕਿ ਉਕਤ ਕਾਨੂੰਨ ਨਾਲ ਦੋ ਤਿਹਾਈ ਕਾਨੂੰਨੀ ਪ੍ਰਵਾਸੀ ਵੀ ਪ੍ਰਭਾਵਿਤ ਹੋਣਗੇ। ਅਪੀਲਕਰਤਾਵਾਂ ਨੇ ਕਿਹਾ ਕਿ ਇਹ ਕਾਨੂੰਨ ਸਪੌਂਸਰਡ ਵੀਜ਼ਾ ਰਾਹੀਂ ਅਮਰੀਕਾ ‘ਚ ਪਰਿਵਾਰਾਂ ਸਣੇ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਡੇ ਪੱਧਰ ‘ਤੇ ਘਟਾ ਜਾਂ ਖਤਮ ਕਰ ਸਕਦਾ ਹੈ।