ਅਮਰੀਕੀ ਸੂਬੇ ਮਿਸੂਰੀ ਦੀ ਸੁਪਰੀਮ ਕੋਰਟ ’ਚ ਪਹਿਲੀ ਸਿਆਹਫਾਮ ਔਰਤ ਜੱਜ ਨਿਯੁਕਤ

156
Share

ਕੈਲੀਫੋਰਨੀਆ, 27 ਮਾਰਚ (ਪੰਜਾਬ ਮੇਲ)-ਅਮਰੀਕੀ ਸੂਬੇ ਮਿਸੂਰੀ ਦੀ ਸੁਪਰੀਮ ਕੋਰਟ ’ਚ ਪਹਿਲੀ ਸਿਆਹਫਾਮ ਔਰਤ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਸੂਬੇ ਦੇ ਰਿਪਬਲਿਕਨ ਗਵਰਨਿੰਗ ਮਾਈਕ ਪਾਰਸਨ ਨੇ ਸੋਮਵਾਰ ਨੂੰ ਮਿਸੂਰੀ ਪੂਰਬੀ ਜ਼ਿਲ੍ਹਾ ਅਪੀਲ ਕੋਰਟ ਦੀ ਜੱਜ ਰੌਬਿਨ ਰੈਨਸਮ ਨੂੰ ਰਾਜ ਦੀ ਸੁਪਰੀਮ ਕੋਰਟ ਵਿਚ ਸੇਵਾ ਕਰਨ ਲਈ ਪਹਿਲੀ ਸਿਆਹਫਾਮ ਮੂਲ ਦੀ ਔਰਤ ਜੱਜ ਵਜੋਂ ਨਿਯੁਕਤ ਕੀਤਾ। ਰੈਨਸਮ, ਜੱਜ ਲੌਰਾ ਡੇਨਵੀਰ ਸਟਿੱਥ ਦੀ ਜਗ੍ਹਾ ਲਵੇਗੀ, ਜੋ ਅਦਾਲਤ ਵਿਚ ਨਿਯੁਕਤ ਹੋਈ ਦੂਜੀ ਔਰਤ ਸੀ ਅਤੇ ਮਾਰਚ ਵਿਚ ਰਿਟਾਇਰ ਹੋਈ ਸੀ।
ਉਸਦੀ ਨਿਯੁਕਤੀ ਖਾਸ ਤੌਰ ’ਤੇ ਇਕ ਅਜਿਹੇ ਸੂਬੇ ਵਿਚ ਹੋਈ ਹੈ, ਜੋ 2014 ’ਚ ਇਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਨਿਹੱਥੇ, ਸਿਆਹਫਾਮ 18 ਸਾਲਾ ਮਾਈਕਲ ਬਰਾਊਨ ਦੀ ਸ਼ੂਟਿੰਗ ਲਈ ਅੰਤਰਰਾਸ਼ਟਰੀ ਪੱਧਰ ’ਤੇ ਜਾਣਿਆ ਜਾਂਦਾ ਹੈ। ਇਸ ਸੂਬੇ ’ਚ ਕਾਲੇ ਭਾਈਚਾਰੇ ਦੇ ਲੋਕ ਪੁਲਿਸ ਅਤੇ ਕੋਰਟਾਂ ਵਿਚ ਨਿਰਪੱਖ ਵਿਵਹਾਰ ਦੀ ਮੰਗ ਕਰਦੇ ਹਨ। ਰੈਨਸਮ ਉੱਤਰੀ ਸੇਂਟ ਲੂਇਸ, ਜੋ ਕਿ ਫਰਗੂਸਨ ਨੇੜੇ ਹੈ, ਦੇ ਵਿਚ ਵੱਡੀ ਹੋਈ ਹੈ ਅਤੇ ਉਸਦੇ ਪਿਤਾ ਇੱਕ ਫਾਇਰ ਸਟੇਸ਼ਨ ’ਤੇ ਕੰਮ ਕਰਦੇ ਸਨ।
ਇਸ ਤੋਂ ਪਹਿਲਾਂ ਸਾਬਕਾ ਰਿਪਬਲਿਕਨ ਗਵਰਨਰ ਮੈਟ ਬਲੰਟ ਨੇ ਪਹਿਲਾਂ ਰੈਨਸਮ ਨੂੰ ਸੇਂਟ ਲੂਇਸ ਕਾਊਂਟੀ ਸਰਕਟ ਜੱਜ ਵਜੋਂ ਸੇਵਾ ਕਰਨ ਲਈ ਸਾਲ 2008 ’ਚ ਨਿਯੁਕਤ ਕੀਤਾ ਸੀ ਅਤੇ ਉਹ ਸੁਪਰੀਮ ਕੋਰਟ ਦੀਆਂ ਅਸਾਮੀਆਂ ਲਈ 25 ਬਿਨੈਕਾਰਾਂ ਵਿਚੋਂ ਇਕ ਸੀ। ਮਿਸੂਰੀ ਵਿਚ, ਵਕੀਲਾਂ, ਨਾਗਰਿਕਾਂ ਅਤੇ ਚੀਫ਼ ਜਸਟਿਸ ਦਾ ਇਕ ਪੈਨਲ ਸੁਪਰੀਮ ਕੋਰਟ ਦੇ ਬਿਨੈਕਾਰਾਂ ਦੀ ਸਮੀਖਿਆ ਕਰਦਾ ਹੈ, ਉਸਦੇ ਬਾਅਦ ਤਿੰਨ ਅੰਤਿਮ ਉਮੀਦਵਾਰਾਂ ਨੂੰ ਗਵਰਨਰ ਕੋਲ ਚੋਣ ਲਈ ਭੇਜਿਆ ਜਾਂਦਾ ਹੈ ਅਤੇ ਅਮਰੀਕੀ ਸੁਪਰੀਮ ਕੋਰਟ ਦੇ ਨਾਮਜ਼ਦ ਉਮੀਦਵਾਰਾਂ ਦੇ ਉਲਟ, ਰੈਨਸਮ ਦੀ ਨਿਯੁਕਤੀ ਨੂੰ ਸੂਬਾ ਸੈਨੇਟ ਦੀ ਪੁਸ਼ਟੀ ਦੀ ਜ਼ਰੂਰਤ ਨਹੀਂ ਹੈ।

Share